ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਪਾਕਿਸਤਾਨ ''ਚ ਬੰਬ ਧਮਾਕੇ ਦੀ ਨਿਖੇਧੀ

Global News

ਕੈਲਗਰੀ, (ਰਾਜੀਵ ਸ਼ਰਮਾ)— ਪਾਕਿਸਤਾਨ ਦੀ ਪਾਰਕ 'ਚ ਧਮਾਕੇ ਦਾ ਸ਼ਿਕਾਰ ਹੋਏ ਲੋਕਾਂ ਦੇ ਘਰਦਿਆਂ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਦੁੱਖ ਸਾਂਝਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਧਮਾਕੇ 'ਚ ਦਰਜਨਾਂ ਲੋਕ ਮਾਰੇ ਗਏ, ਜਦਕਿ ਕਈ ਹੋਰ ਜ਼ਖ਼ਮੀ ਵੀ ਹੋਏ। ਭਾਰਤ ਦੀ ਸਰਹੱਦ ਨਾਲ ਲੱਗਦੇ ਪੂਰਬੀ ਪਾਕਿਸਤਾਨੀ ਸ਼ਹਿਰ ਲਾਹੌਰ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੁਲਸ਼ਨ-ਏ-ਇਕਬਾਲ ਪਾਰਕ 'ਚ ਇਸਾਈ ਪਰਿਵਾਰ ਈਸਟਰ ਦੇ ਜਸ਼ਨ ਮਨਾ ਰਹੇ ਸਨ, ਜਦੋਂ ਬੱਚਿਆਂ ਦੇ ਖੇਡਣ ਵਾਲੀ ਥਾਂ ਲਾਗੇ ਧਮਾਕਾ ਹੋਇਆ।
 

ਲਾਹੌਰ ਰੈਸਕਿਊ ਐਡਮਨਿਸਟ੍ਰੇਸ਼ਨ ਦੇ ਬੁਲਾਰੇ ਅਨੁਸਾਰ ਇਸ ਘਟਨਾ 'ਚ ਮਾਰੇ ਗਏ ਲੋਕਾਂ ਦੀ ਗਿਣਤੀ 56 ਤੋਂ ਵੱਧ ਕੇ 65 ਹੋ ਗਈ ਹੈ ਤੇ 300 ਦੇ ਲਗਭਗ ਲੋਕ ਜ਼ਖ਼ਮੀ ਹੋਏ ਹਨ। ਪਾਕਿਸਤਾਨ ਦੇ ਇਕ ਤਾਲਿਬਾਨੀ ਗਰੁੱਪ ਵਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਟਰੂਡੋ ਨੇ ਟਵਿਟਰ ਰਾਹੀਂ ਆਪਣਾ ਸੁਨੇਹਾ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਇਆ। ਇਸੇ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਇਸ ਹਮਲੇ ਨੂੰ ਬੜਾ ਹੀ ਭਿਆਨਕ ਤੇ ਕਾਇਰਾਨਾ ਦੱਸਿਆ। ਨੈਸ਼ਨਲ ਸਕਿਓਰਿਟੀ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਆਖਿਆ ਕਿ ਅਸੀਂ ਪਾਕਿਸਤਾਨ 'ਚ ਆਪਣੇ ਭਾਈਵਾਲਾਂ ਨਾਲ ਰਲ ਕੇ ਕੰਮ ਕਰਦੇ ਰਹਾਂਗੇ।