''ਓਬਾਮਾ ਦੀਆਂ ਗੱਲਾਂ ਸੁਣਨ ਨਾਲ ਪੈ ਸਕਦੈ ਦਿਲ ਦਾ ਦੌਰਾ''

Global News

ਹਵਾਨਾ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਗੱਲਾਂ ਸੁਣਨ ਨਾਲ ਕਿਸੇ ਨੂੰ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਇਹ ਕਹਿਣਾ ਹੈ ਕਿ ਕਿਊਬਾ ਦੇ ਸਾਬਕਾ ਰਾਸ਼ਟਰਪਤੀ 89 ਸਾਲਾ ਫਿਦੇਲ ਕਾਸਤਰੋ ਦਾ। ਜ਼ਿਕਰਯੋਗ ਹੈ ਕਿ ਓਬਾਮਾ ਬੀਤੇ ਦਿਨੀਂ ਅਮਰੀਕਾ ਅਤੇ ਕਿਊਬਾ ਵਿਚ ਮੇਲ-ਮਿਲਾਪ ਵਧਾਉਣ ਲਈ ਕਿਊਬਾ ਦੇ ਦੌਰੇ 'ਤੇ ਗਏ ਸਨ ਪਰ ਲੱਗਦਾ ਹੈ ਕਿ ਸਾਬਕਾ ਰਾਸ਼ਟਰਪਤੀ ਕਾਸਤਰੋ ਅਜੇ ਵੀ ਦੋਹਾਂ ਦੇਸ਼ਾਂ ਦੀ ਪੁਰਾਣੀ ਦੁਸ਼ਮਣੀ ਨੂੰ ਭੁਲਾਉਣ ਲਈ ਤਿਆਰ ਨਹੀਂ ਹਨ। ਸੋਮਵਾਰ ਨੂੰ ਓਬਾਮਾ ਦੀ ਯਾਤਰਾ 'ਤੇ ਲਿਖੇ ਲੇਖ ਵਿਚ ਕਾਸਤਰੋ ਨੇ ਕਿਹਾ ਕਿ ਅਮਰੀਕਾ ਤੋਂ ਉਨ੍ਹਾਂ ਨੂੰ 'ਤੋਹਫਿਆਂ ਦੀ ਕੋਈ ਲੋੜ ਨਹੀਂ ਹੈ।' 
 

ਓਬਾਮਾ ਦੇ ਕਿਊਬਾ ਦੌਰੇ 'ਤੇ ਕਾਸਤਰੋ ਦੀ ਪਹਿਲੀ ਪ੍ਰਕਾਸ਼ਤ ਟਿੱਪਣੀ ਤੋਂ ਲੱਗਦਾ ਹੈ ਕਿ ਦੋਹਾਂ ਦੇਸ਼ਾਂ ਵਿਚ ਅੱਧੀ ਸਦੀ ਦੀ ਦੁਸ਼ਮਣੀ ਨੂੰ ਖਤਮ ਕਰਨ ਲਈ ਤਿਆਰ ਨਹੀਂ ਹਨ। ਕਾਸਤਰੋ ਨੇ 'ਹੇਰਮਾਨੋ ਓਬਾਮਾ... ਬ੍ਰਦਰ ਓਬਾਮਾ' ਸਿਰਲੇਖ ਵਾਲੇ ਲੇਖ ਵਿਚ ਲਿਖਿਆ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਬਦਾਂ ਨੂੰ ਸੁਣਨ ਨਾਲ ਕਿਸੇ ਨੂੰ ਵੀ ਦਿਲ ਦਾ ਦੌਰਾ ਪੈ ਸਕਦਾ ਹੈ।