ਪਾਕਿਸਤਾਨ ਵਿਚ ਸ਼ਰੀਆ ਕਾਨੂੰਨ ਦੀ ਮੰਗ ਲਈ ਪ੍ਰਦਰਸ਼ਨ

Global News

ਇਸਲਾਮਾਬਾਦ— ਪਾਕਿਸਤਾਨ ਵਿਚ ਸ਼ਰੀਆ ਕਾਨੂੰਨ ਨੂੰ ਲਾਗੂ ਕਰ ਦੀ ਮੰਗ ਨੂੰ ਲੈ ਕੇ ਰਾਜਧਾਨੀ ਇਸਲਾਮਾਬਾਦ ਵਿਚ ਹਜ਼ਾਰਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪਾਕਿਸਤਾਨੀ ਅਖਬਾਰਾਂ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਪੰਜਾਬ ਦੇ ਸਾਬਕਾ ਗਵਰਨਰ ਸਲਮਾਨ ਤਾਸੀਰ ਦੇ ਕਤਲ ਦੇ ਦੋਸ਼ੀ ਨੂੰ ਦਿੱਤੀ ਗਈ ਫਾਂਸੀ ਦੇ ਵਿਰੁੱਧ ਹੈ। ਇਸਲਾਮਾਬਾਦ ਵਿਚ ਸੰਸਦ ਭਵਨ ਦੇ ਬਾਹਰ ਦੋ ਦਿਨ ਤੋਂ ਚੱਲ ਰਹੇ ਪ੍ਰਦਰਸ਼ਨ ਵਿਚ ਪ੍ਰਦਰਸ਼ਨਾਕਾਰੀਆਂ ਨੇ ਸੋਮਵਾਰ ਨੂੰ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ। ਅਖਬਾਰ ਨੇ ਦੱਸਿਆ ਕਿ ਪ੍ਰਦਰਸ਼ਨਾਕਾਰੀਆਂ ਦੀ ਗਿਣਤੀ 10,000 ਤੋਂ 30,000 ਸੀ।


ਪ੍ਰਦਰਸ਼ਨ ਕਰ ਰਹੇ ਲੋਕ ਈਸ਼ਨਿੰਦਾ (ਪ੍ਰਮਾਤਮਾ ਦੀ ਨਿੰਦਾ) ਦੇ ਇਕ ਮਾਮਲੇ ਵਿਚ ਦੋਸ਼ੀ ਪਾਈ ਗਈ ਆਸਿਆ ਬੀਬੀ ਨੂੰ ਫਾਂਸੀ ਦੇਣ ਦੀ ਵੀ ਮੰਗ ਕਰ ਰਹੇ ਸਨ। ਆਸਿਆ ਬੀਬੀ ਈਸਾਈ ਹੈ ਅਤੇ ਉਸ ਨੂੰ ਈਸ਼ਨਿੰਦਾ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ 'ਤੇ ਸੁਪਰੀਮ ਕੋਰਟ ਨੇ ਰੋਕ ਲਗਾਈ ਹੈ। ਜ਼ਿਕਰਯੋਗ ਹੈ ਕਿ ਆਸਿਆ ਬੀਬੀ ਦਾ ਇਹ ਮਾਮਲਾ ਪਾਕਿਸਤਾਨ ਵਿਚ ਲੰਬੇ ਸਮੇਂ ਤੋਂ ਚਰਚਾ ਵਿਚ ਰਿਹਾ ਹੈ। ਸਲਮਾਨ ਤਾਸੀਰ ਪਾਕਿਸਤਾਨ ਦੇ ਸਖਤ ਈਸ਼ਨਿੰਦਾ ਕਾਨੂੰਨ ਦੇ ਅਲੋਚਕ ਸਨ ਅਤੇ ਇਸਦੇ ਖਿਲਾਫ ਪ੍ਰਚਾਰ ਕਰਦੇ ਸਨ। ਸਲਮਾਨ ਤਾਸੀਰ ਦੇ ਕਤਲ ਦੇ ਦੋਸ਼ੀ ਮੁਮਤਾਜ ਕਾਦਰੀ ਨੂੰ ਪਿਛਲੇ ਮਹੀਨੇ ਫਾਂਸੀ ਦੇ ਦਿੱਤੀ ਗਈ ਸੀ।