ਭਾਰਤ ਨੇ ਮੰਗਿਆ ਅਜ਼ਹਰ ਦਾ ਵਾਇਸ ਸੈਂਪਲ, ਪਾਕਿ ਨੇ ਬੀ. ਐੱਸ. ਐੱਫ. ਦੀ ਤੈਨਾਤੀ ਦੀ ਜਾਣਕਾਰੀ ਮੰਗੀ

Global News

ਇਸਲਾਮਾਬਾਦ/ਨਵੀਂ ਦਿੱਲੀ— ਪਠਾਨਕੋਟ ਏਅਰ ਬੇਸ 'ਤੇ ਅੱਤਵਾਦੀ ਹਮਲੇ ਦੀ ਜਾਂਚ ਵਿਚ ਸਹਿਯੋਗ ਕਰਨ ਭਾਰਤ ਆਈ ਪਾਕਿਸਤਾਨ ਦੀ 5 ਮੈਂਬਰੀ ਜੇ. ਆਈ. ਟੀ. ਦੀ ਟੀਮ ਨੇ ਸੋਮਵਾਰ ਨੂੰ ਐੱਨ. ਆਈ. ਏ. ਦੇ ਦਫਤਰ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਾਮਲੇ 'ਤੇ ਚਰਚਾ ਦੌਰਾਨ ਘਟਨਾ ਦੀ ਪੂਰੀ ਜਾਣਕਾਰੀ ਲਈ। ਅਧਿਕਾਰਤ ਸੂਤਰਾਂ ਅਨੁਸਾਰ ਪਾਕਿਸਤਾਨ ਦਲ 11 ਵਜੇ ਐੱਨ. ਆਈ. ਏ.ਮੁੱਖ ਦਫਤਰ ਪਹੁੰਚਿਆ ਅਤੇ ਤਕਰੀਬਨ ਇਕ ਵਜੇ ਤਕ ਉਥੇ ਰਿਹਾ। ਸੂਤਰਾਂ ਅਨੁਸਾਰ ਐੱਨ. ਆਈ. ਏ. ਦੇ ਅਧਿਕਾਰੀਆਂ ਨੇ ਜੇ. ਆਈ. ਟੀ. ਮੈਂਬਰਾਂ ਨੂੰ ਇਕ ਪ੍ਰੈਜ਼ੈਂਟੇਸ਼ਨ ਰਾਹੀਂ ਅੱਤਵਾਦੀ ਹਮਲੇ ਦੀ ਸਿਲਸਿਲੇਵਾਰ ਢੰਗ ਨਾਲ ਤੱਥਾਂ 'ਤੇ ਆਧਾਰਤ ਜਾਣਕਾਰੀ ਦਿੱਤੀ।

 

ਹੁਣ ਪਾਕਿਸਤਾਨੀ ਟੀਮ ਮੰਗਲਵਾਰ ਨੂੰ ਹਵਾਈ ਮਾਰਗ ਰਾਹੀਂ ਪਠਾਨਕੋਟ ਏਅਰ ਬੇਸ 'ਤੇ ਜਾਵੇਗੀ। ਉਨ੍ਹਾਂ ਨੂੰ ਮੁਕਾਬਲੇ ਵਾਲੇ ਸਥਾਨ ਦਾ ਮੁਆਇਨਾ ਕਰਨ ਦੇ ਨਾਲ ਹੀ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕਰਨ ਅਤੇ ਬਿਆਨ ਦਰਜ ਕਰਨ ਦਿੱਤਾ ਜਾਵੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਵੀ ਜੇ. ਆਈ. ਟੀ. ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਭਾਰਤ ਨੇ ਅਜ਼ਹਰ ਮਸੂਦ ਦਾ ਵਾਇਸ ਸੈਂਪਲ ਮੰਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਟੀਮ ਨੇ ਹਮਲੇ ਦੇ ਅਲਰਟ ਦੀ ਕਾਪੀ, ਸੀ. ਸੀ. ਟੀ. ਵੀ. 'ਤੇ, ਸਰਹੱਦ 'ਤੇ ਬੀ. ਐੱਸ. ਐੱਫ. ਦੀ ਤੈਨਾਤੀ ਦੀ ਜਾਣਕਾਰੀ ਮੰਗੀ ਹੈ।