ਯੁਵਰਾਜ ਨੇ ਹਾਸਲ ਕੀਤੀ ਇਕ ਹੋਰ ਵੱਡੀ ਉਪਲਬਧੀ

Global News

ਮੀਰਪੁਰ- ਭਾਰਤ ਦੇ ਕ੍ਰਿਕਟਰ ਯੁਵਰਾਜ ਸਿੰਘ ਨੇ ਵੀਰਵਾਰ ਨੂੰ ਏਸ਼ੀਆ ਕੱਪ 'ਚ ਯੂ.ਏ.ਈ. ਦੇ ਖਿਲਾਫ ਮੈਚ ਦੇ ਦੌਰਾਨ ਇਕ ਖਾਸ ਉਪਲਬਧੀ ਹਾਸਲ ਕਰ ਲਈ। ਇਹ ਉਨ੍ਹਾਂ ਦਾ 50ਵਾਂ ਕੌਮਾਂਤਰੀ ਟਵੰਟੀ-20 ਮੈਚ ਸੀ ਅਤੇ ਉਹ ਇਸ ਵਿਸ਼ੇਸ਼ ਸਮੂਹ 'ਚ ਸ਼ਾਮਲ ਹੋਣ ਵਾਲੇ ਚੌਥੇ ਭਾਰਤੀ ਕ੍ਰਿਕਟਰ ਬਣ ਗਏ।


ਯੁਵਰਾਜ ਨੇ ਇਸ ਮੈਚ 'ਚ 10 ਦੌੜਾਂ 'ਤੇ 1 ਵਿਕਟ ਲੈਣ ਤੋਂ ਬਾਅਦ 14 ਗੇਂਦਾਂ 'ਚ 25 ਦੌੜਾਂ ਦੀ ਅਜੇਤੂ ਪਾਰੀ ਖੇਡਦੇ ਹੋਏ ਟੀਮ ਦੀ ਜਿੱਤ 'ਚ ਅਹਿਮ ਭੁਮਿਕਾ ਨਿਭਾਈ।  ਯੁਵੀ ਹੁਣ 50 ਟਵੰਟੀ-20 ਮੈਚਾਂ 'ਚ 30.91 ਦੀ ਔਸਤ ਨਾਲ 1082 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਤੋਂ ਪਹਿਲਾਂ ਸਮੂਹ 'ਚ ਕਪਤਾਨ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ ਅਤੇ ਰੋਹਿਤ ਸ਼ਰਮਾ ਸ਼ਾਮਲ ਸਨ। ਧੋਨੀ ਨੇ 62 ਮੈਚਾਂ 'ਚ 32.28 ਦੀ ਔਸਤ ਨਾਲ 932 ਦੌੜਾਂ ਬਣਾਈਆਂ, ਜਦੋਂਕਿ ਰੈਨਾ 56 ਮੈਚਾਂ 'ਚ 31.40 ਦੀ ਔਸਤ ਨਾਲ 1162 ਦੌੜਾਂ ਬਣਾ ਚੁੱਕੇ ਹਨ। ਰੋਹਿਤ ਨੇ 33.41 ਦੀ ਔਸਤ ਨਾਲ 1203 ਦੌੜਾਂ ਬਣਾਈਆਂ ਹਨ।


ਯੁਵੀ ਕੁਝ ਸਮੇਂ ਪਹਿਲਾਂ ਹੀ ਕੌਮਾਂਤਰੀ ਟਵੰਟੀ-20 ਕ੍ਰਿਕਟ 'ਚ 1000 ਦੌੜਾਂ ਬਣਾਉਣ ਵਾਲੇ ਦਿੱਗਜਾਂ ਦੇ ਸਮੂਹ 'ਚ ਸ਼ਾਮਲ ਹੋਏ ਸਨ। ਇਸ ਸਮੂਹ 'ਚ ਸ਼ਾਮਲ ਹੋਣ ਵਾਲੇ ਉਹ ਵਿਰਾਟ ਕੋਹਲੀ, ਸੁਰੇਸ਼ ਰੈਨਾ, ਰੋਹਿਤ ਸ਼ਰਮਾ ਤੋਂ ਬਾਅਦ ਚੌਥੇ ਭਾਰਤੀ ਬਣੇ ਸਨ।