ਅਮਰੀਕੀ ਧਾਰਮਿਕ ਕਮਿਸ਼ਨ ਨੂੰ ਭਾਰਤ ਦੌਰੇ ਲਈ ਵੀਜ਼ਾ ਦੇਣ ਤੋਂ ਮਨਾਹੀ

Global News

ਵਾਸ਼ਿੰਗਟਨ— ਭਾਰਤੀ ਸਰਕਾਰ ਨੇ ਭਾਰਤ ਯਾਤਰਾ ਕਰਨ ਆਏ ਇਕ ਅਮਰੀਕੀ ਧਾਰਮਿਕ ਕਮਿਸ਼ਨ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਕਮਿਸ਼ਨ ਭਾਰਤ ਵਿਚ ਧਾਰਮਿਕ ਸੁਤੰਤਰਤਾ ਦੀ ਸਥਿਤੀ 'ਤੇ ਗੱਲਬਾਤ ਕਰਕੇ ਇਸ 'ਤੇ ਰਿਪੋਰਟ ਬਣਾਉਣ ਲਈ ਆਉਣਾ ਚਾਹੁੰਦੇ ਸਨ। ਅਮਰੀਕੀ ਅੰਤਰ-ਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ (ਯੂ.ਐੱਸ.ਸੀ.ਆਈ.ਆਰ.ਐੱਫ) ਦੇ 3 ਮੈਂਬਰਾਂ ਦਾ ਇਹ ਵਫ਼ਦ ਭਾਰਤ ਦੇ ਸਰਕਾਰੀ ਅਧਿਕਾਰੀਆਂ, ਧਾਰਮਿਕ ਨੇਤਾਵਾਂ ਅਤੇ ਕਰਮਚਾਰੀਆਂ ਨੂੰ ਮਿਲਣ ਲਈ ਇਕ ਹਫਤੇ ਦੀ ਭਾਰਤ ਯਾਤਰਾ 'ਤੇ ਆਉਣਾ ਚਾਹੁੰਦਾ ਸੀ। ਇਹ ਯਾਤਰਾ ਸ਼ੁੱਕਰਵਾਰ ਨੂੰ (ਅੱਜ) ਸ਼ੁਰੂ ਹੋਣੀ ਸੀ। 

ਇਸ ਦੇ ਪ੍ਰਧਾਨ ਰਾਬਰਟ ਪੀ. ਜਾਰਜ ਨੇ ਇਕ ਬਿਆਨ ਵਿਚ ਕਿਹਾ,''ਅਸੀਂ ਭਾਰਤ ਸਰਕਾਰ ਵਲੋਂ ਵੀਜ਼ਾ ਨਾ ਦੇਣ ਦੀ ਗੱਲ ਤੋਂ ਬਹੁਤ ਨਿਰਾਸ਼ ਹਾਂ। ਇਕ ਲੋਕਤੰਤਰੀ ਦੇਸ਼ ਅਤੇ ਅਮਰੀਕਾ ਦੇ ਖਾਸ ਸਹਿਯੋਗੀ ਹੋਣ ਨਾਤੇ ਭਾਰਤ ਸਰਕਾਰ ਨੂੰ ਇਸ ਯਾਤਰਾ ਲਈ ਇਜਾਜ਼ਤ ਦੇਣੀ ਚਾਹੀਦੀ ਸੀ ਅਤੇ ਵਿਸ਼ਵਾਸ਼ ਰੱਖਣਾ ਚਾਹੀਦਾ ਸੀ।'' 
 

ਇਹ ਪਹਿਲੀ ਵਾਰ ਹੈ ਕਿ ਜਦ ਯੂ.ਐੱਸ.ਸੀ.ਆਈ.ਆਰ.ਐੱਫ ਦੇ ਮੈਂਬਰਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਰੇ ਸੰਸਾਰ ਦੀ ਧਾਰਮਿਕ ਸੁਤੰਤਰਤਾ 'ਤੇ ਸਲਾਨਾ ਰਿਪੋਰਟ ਤਿਆਰ ਕਰਨ ਵਾਲੇ ਮੈਂਬਰਾਂ ਨੂੰ ਪਹਿਲੀ ਵਾਰ ਕਿਸੇ ਚੰਗੇ ਸ਼ਾਸਨ ਵਾਲੇ ਦੇਸ਼ ਵਲੋਂ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ।
 

ਜਾਰਜ ਨੇ ਕਿਹਾ ਕਿ ਇਹ ਕਮਿਸ਼ਨ ਕਈ ਦੇਸ਼ਾਂ ਵਿਚ ਯਾਤਰਾ ਕਰਦਾ ਰਿਹਾ ਹੈ। ਇਸ ਨੇ ਪਾਕਿਸਤਾਨ, ਸਾਊਦੀ ਅਰਬ, ਵਿਅਤਨਾਮ, ਚੀਨ ਅਤੇ ਬਰਮਾ ਵਰਗੇ ਦੇਸ਼ਾਂ ਵਿਚ ਧਾਰਮਿਕ ਸੁਤੰਤਰਤਾ 'ਤੇ ਸਲਾਨਾ ਰਿਪੋਰਟ ਤਿਆਰ ਕੀਤੀ ਹੈ। 
 

ਜਾਰਜ ਨੇ ਕਿਹਾ,''ਉਮੀਦ ਹੈ ਕਿ ਭਾਰਤ ਸਰਕਾਰ ਵਲੋਂ ਇਨ੍ਹਾਂ ਦੇਸ਼ਾਂ ਦੀ ਤੁਲਨਾ ਸਾਨੂੰ ਵਧੇਰੇ ਸਹਿਯੋਗ ਦਿੱਤਾ ਜਾਵੇਗਾ। ਇਸ ਕੰਮ ਲਈ ਵਿਦੇਸ਼ ਮੰਤਰਾਲੇ ਅਤੇ ਨਵੀਂ ਦਿੱਲੀ ਵਿਚ ਸਥਿਤ ਅਮਰੀਕੀ ਦੂਤਘਰ ਦਾ ਸਮਰਥਨ ਮਿਲਿਆ ਹੈ।'' ਉਨ੍ਹਾਂ ਨੇ ਕਿਹਾ,'' ਸਾਲ 2014 ਮਗਰੋਂ ਭਾਰਤ ਵਿਚ ਧਾਰਮਿਕ ਸੁਤੰਤਰਤਾ ਵਿਚ ਕਮੀ ਆਉਣ ਦੀਆਂ ਖਬਰਾਂ, ਧਾਰਮਿਕ ਭਾਈਚਾਰੇ, ਸਮਾਜਕ ਸਮੂਹਾਂ ਅਤੇ ਗੈਰ ਸਰਕਾਰੀ ਸੰਗਠਨਾਂ ਵਲੋਂ ਆਉਣ ਕਾਰਨ ਕਮੀਸ਼ਨ ਭਾਰਤ ਦੀ ਯਾਤਰਾ ਦੀ ਕੋਸ਼ਿਸ਼ ਜਾਰੀ ਰੱਖੇਗਾ।'' ਇਹ ਕਮੀਸ਼ਨ ਅਮਰੀਕਾ ਦਾ ਸੁਤੰਤਰ ਦੋ ਦਲ ਕਮੀਸ਼ਨ ਹੈ। ਇਸ ਦੀ ਨਿਯੁਕਤੀ ਰਾਸ਼ਟਰਪਤੀ ਅਤੇ ਕਾਂਗਰਸ ਦੇ ਦੋਵੇਂ ਸਦਨ ਕਰਦੇ ਹਨ।