ਆਸਟ੍ਰੇਲੀਆ ''ਚ ਪਗੜੀ ਪਹਿਨਣ ਕਰਕੇ ਨਾਬਾਲਿਗ ਸਿੱਖ ''ਤੇ ਹਮਲਾ, ਚਾਕੂ ਨਾਲ ਕੀਤੇ ਵਾਰ

Global News

ਮੈਲਬੋਰਨ— ਨਫਰਤ ਭਰੀ ਇਕ ਘਟਨਾ ਤਹਿਤ ਆਸਟ੍ਰੇਲੀਆ 'ਚ ਬੱਸ 'ਚ ਸਫਰ ਕਰ ਰਹੇ 13 ਸਾਲ ਦੇ ਇਕ ਸਿੱਖ ਸਕੂਲੀ ਲੜਕੇ 'ਤੇ ਪਗੜੀ ਪਹਿਨਣ ਨੂੰ ਲੈ ਕੇ ਹਮਲਾ ਕੀਤਾ ਗਿਆ, ਉਸ ਦਾ ਮਜ਼ਾਕ ਉਡਾਇਆ ਗਿਆ ਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਡਰਾਇਆ-ਧਮਕਾਇਆ ਗਿਆ। ਸਿੱਖ ਸਕੂਲੀ ਲੜਕਾ ਹਰਜੀਤ ਸਿੰਘ ਬੱਸ ਤੋਂ ਘਰ ਜਾ ਰਿਹਾ ਸੀ ਕਿ ਬੱਸ 'ਚ ਦੋ ਨਾਬਾਲਿਗ ਮੁੰਡਿਆਂ ਤੇ ਇਕ ਕੁੜੀ ਨੇ ਉਸ 'ਤੇ ਹਮਲਾ ਕੀਤਾ ਤੇ ਉਸ ਦਾ ਮਜ਼ਾਕ ਉਡਾਇਆ। ਹੇਰਾਲਡ ਸਨ ਦੀ ਖਬਰ ਹੈ ਕਿ ਬੱਸ 'ਚ ਨਫਰਤ ਦੇ ਚਲਦਿਆਂ ਹਰਜੀਤ 'ਤੇ ਚਾਕੂ ਨਾਲ ਕਥਿਤ ਤੌਰ 'ਤੇ ਵਾਰ ਕਰਕੇ ਉਸ ਨੂੰ ਡਰਾਇਆ-ਧਮਕਾਇਆ ਗਿਆ, ਉਸ ਦੀ ਪਗੜੀ ਖਿੱਚੀ ਗਈ।
 

ਨਾਬਾਲਿਗ ਨੇ ਜਾਣਨਾ ਚਾਹਿਆ ਕਿ ਹਰਜੀਤ ਨੇ ਆਪਣੇ ਸਿਰ 'ਤੇ ਤੌਲੀਆਂ ਕਿਉਂ ਪਹਿਨ ਰੱਖਿਆ ਹੈ ਤੇ ਉਸ ਨੇ ਉਸ ਦੀ ਪਗੜੀ ਹਟਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਉਹ ਡਰ ਕਾਰਨ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਰਜੀਤ ਦੀ ਮਾਂ ਰਾਜਿੰਦਰ ਕੌਰ ਗਿੱਲ ਨੇ ਹੇਰਾਲਡ ਸਨ ਨਾਲ ਗੱਲਬਾਤ ਦੌਰਾਨ ਕਿਹਾ, 'ਮੇਰਾ ਬੇਟਾ ਬਹੁਤ ਡਰਿਆ ਹੋਇਆ ਸੀ ਤੇ ਉਹ ਚੀਕਾਂ ਮਾਰ ਰਿਹਾ ਸੀ। ਇਹ ਬਹੁਤ ਹੀ ਡਰ ਵਾਲੀ ਗੱਲ ਹੈ। ਮੈਂ ਵੀ ਇਸ ਗੱਲ ਨਾਲ ਡਰੀ ਹੋਈ ਹਾਂ ਕਿ ਕੀ ਬੱਸ 'ਚ ਸਫਰ ਕਰਨਾ ਉਸ ਲਈ ਸੁਰੱਖਿਅਤ ਹੈ?' ਰਾਜਿੰਦਰ ਕੌਰ ਗਿੱਲ ਨੇ 23 ਫਰਵਰੀ ਦੀ ਇਸ ਘਟਨਾ ਬਾਰੇ ਕਿਹਾ, 'ਸਾਨੂੰ ਚਿੰਤਾ ਹੈ ਕਿ ਇਹ ਸਿਰਫ ਮੇਰੇ ਬੇਟੇ ਦੀ ਗੱਲ ਨਹੀਂ ਹੈ, ਅਸੀਂ ਚਿੰਤਾ 'ਚ ਹਾਂ ਕਿ ਇਹ ਦੂਜਿਆਂ ਨਾਲ ਵੀ ਹੋਵੇਗਾ। ਇਹ ਕਿਸੇ ਨਾਲ ਨਹੀਂ ਹੋਣਾ ਚਾਹੀਦਾ।' ਪੁਲਸ ਦੋ ਲੜਕਿਆਂ ਤੇ ਇਕ ਲੜਕੀ ਨੂੰ ਲੱਭਣ 'ਚ ਜੁਟ ਗਈ ਹੈ।