ਲਿਬਰਲਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਮਰਥਨ ਹਾਸਲ

Global News

ਕੈਲਗਰੀ (ਰਾਜੀਵ ਸ਼ਰਮਾ)— ਲਿਬਰਲਾਂ ਨੂੰ ਸਿਆਸਤ ਰਾਸ ਆ ਗਈ ਲੱਗਦਾ ਹੈ।ਸਰਵੇਖਣ ਅਨੁਸਾਰ ਅੱਜ ਪਾਰਟੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਮਰਥਨ ਹਾਸਲ ਹੋ ਰਿਹਾ ਹੈ। ਖਾਸਤੌਰ 'ਤੇ ਚਾਰ ਮਹੀਨੇ ਪਹਿਲਾਂ ਨਿਊ ਡੈਮੋਕ੍ਰੈਟਜ਼ ਨੂੰ ਵੋਟਾਂ ਪਾਉਣ ਵਾਲੇ ਵੀ ਹੁਣ ਲਿਬਰਲਾਂ ਨੂੰ ਪਸੰਦ ਕਰਨ ਲੱਗੇ ਹਨ।ਭਾਵੇਂ ਅਗਲੀਆਂ ਫੈਡਰਲ ਚੋਣਾਂ ਚਾਰ ਸਾਲ ਬਾਅਦ ਹੋਣੀਆਂ ਹਨ ਪਰ ਹੁਣ ਤੋਂ ਹੀ ਇਸ ਦਾ ਅਧਾਰ ਬਣਨ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਕੈਨੇਡੀਅਨ ਆਪਣੇ ਸਿਆਸੀ ਆਗੂਆਂ ਬਾਰੇ ਕੀ ਸੋਚਦੇ ਹਨ। ਇਹ ਇੱਕ ਤਰ੍ਹਾਂ ਦਾ ਮਿਡ ਟਰਮ ਰਿਪੋਰਟ ਕਾਰਡ ਹੈ ਜਿਸ 'ਤੇ ਸਾਰੀ ਕਾਰਗੁਜ਼ਾਰੀ ਦਰਜ ਹੋ ਰਹੀ ਹੈ।

 

ਹੁਣ ਤੱਕ ਸਥਿਤੀ ਇਹ ਹੈ ਕਿ ਪਿਛਲੇ ਤਿੰਨ ਮਹੀਨੇ ਦੌਰਾਨ ਜਿੰਨੇ ਵੀ ਸਰਵੇਖਣ ਹੋਏ ਹਨ ਜਾਂ ਜਿੰਨੀਆਂ ਵੀ ਪੋਲ ਕਰਵਾਈਆਂ ਗਈਆਂ ਹਨ ਉਹ ਲਿਬਰਲਾਂ ਲਈ ਸਕਾਰਾਤਮਕ ਹੀ ਰਹੀਆਂ ਹਨ।ਇਸ ਸਮੇਂ ਲਿਬਰਲਾਂ ਨੂੰ 46.6 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ।ਇਸ ਤੋਂ ਸਾਫ ਹੈ ਕਿ ਚੋਣਾਂ ਦੀ ਰਾਤ ਜਿੱਥੇ ਉਹ ਖੜ੍ਹੇ ਸਨ ਉਸ ਨਾਲੋਂ 7.1 ਅੰਕਾਂ ਦਾ ਮੁਨਾਫਾ ਉਨ੍ਹਾਂ ਦੀ ਝੋਲੀ ਜ਼ਰੂਰ ਪਿਆ ਹੈ।ਇਹ ਫਾਇਦਾ ਲਗਾਤਾਰ ਵੱਧ ਰਿਹਾ ਹੈ।ਪਿਛਲੀ ਤਿਮਾਹੀ ਦੌਰਾਨ ਕੰਜ਼ਰਵੇਟਿਵ 29.1 ਫੀਸਦੀ ਸਮਰਥਨ ਹਾਸਲ ਕਰਕੇ ਦੂਜੇ ਸਥਾਨ 'ਤੇ ਹਨ ਪਰ ਉਨ੍ਹਾਂ ਨੂੰ 2.8 ਅੰਕਾਂ ਦਾ ਨੁਕਸਾਨ ਵੀ ਹੋਇਆ ਹੈ।ਐਨਡੀਪੀ ਨੂੰ ਕਾਫੀ ਨੁਕਸਾਨ ਸਹਿਣਾ ਪੈ ਰਿਹਾ ਹੈ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਦੌਰਾਨ 5.1 ਅੰਕਾਂ ਦਾ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਦਾ ਸਮਰਥਨ ਘੱਟ ਕੇ 14.6 ਫੀਸਦੀ ਰਹਿ ਗਿਆ ਹੈ। ਗ੍ਰੀਨ ਪਾਰਟੀ 5.4 ਫੀਸਦੀ ਸਮਰਥਨ ਹਾਸਲ ਕਰਨ 'ਚ ਕਾਮਯਾਬ ਰਹੀ ਹੈ। ਲਿਬਰਲਾਂ ਨੂੰ ਪੂਰੇ ਦੇਸ਼ 'ਚ ਹੀ ਚੰਗੀ ਹਮਾਇਤ ਹਾਸਲ ਹੋ ਰਹੀ ਹੈ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ 59.8 ਫੀਸਦੀ ਲੋਕ ਪਸੰਦ ਕਰਦੇ ਹਨ। ਉਨ੍ਹਾਂ ਨੇ ਆਪਣੇ ਸਾਰੇ ਸਿਆਸੀ ਵਿਰੋਧੀਆਂ ਨੂੰ ਪਛਾੜ ਦਿੱਤਾ ਹੈ।ਬੀਸੀ, ਓਨਟਾਰੀਓ ਤੇ ਅਟਲਾਂਟਿਕ ਕੈਨੇਡਾ 'ਚ ਤਾਂ ਪਾਰਟੀ ਦਾ ਚੰਗਾ ਖਾਸਾ ਦਬਦਬਾ ਹੈ।