ਡਾਕਟਰ ਦੀ ਮਦਦ ਨਾਲ ਕੈਲਗਰੀ ਦੀ ਮਹਿਲਾ ਨੇ ਜ਼ਿੰਦਗੀ ਦਾ ਅੰਤ ਕਰ ਲਿਆ

Global News

ਕੈਲਗਰੀ, (ਰਾਜੀਵ ਸ਼ਰਮਾ)— ਕੈਲਗਰੀ ਦੀ ਮਹਿਲਾ ਨੇ ਅੱਜ ਬ੍ਰਿਟਿਸ਼ ਕੋਲੰਬੀਆ 'ਚ ਡਾਕਟਰ ਦੀ ਮਦਦ ਨਾਲ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਉਸ ਨੂੰ ਡਾਕਟਰ ਦੀ ਮਦਦ ਨਾਲ ਮੌਤ ਨੂੰ ਗਲ ਲਾਉਣ ਦੀ ਕਾਨੂੰਨੀ ਤੌਰ 'ਤੇ ਛੋਟ ਦਿੱਤੀ ਗਈ ਸੀ। ਅਦਾਲਤ ਵਲੋਂ ਇਸ ਮਾਮਲੇ ਨੂੰ ਤਫਸੀਲ ਨਾਲ ਪ੍ਰਕਾਸ਼ਿਤ ਕਰਨ 'ਤੇ ਲਾਈ ਗਈ ਪਾਬੰਦੀ ਕਾਰਨ ਇਸ ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ। ਉਸ ਨੂੰ ਐਮੀਓਟਰੌਫਿਕ ਲੇਟਰਲ ਸਲੇਰੌਸਿਸ (ਏ. ਐੱਲ. ਐੱਸ.) ਨਾਂ ਦੀ ਬੀਮਾਰੀ ਸੀ। ਸੋਮਵਾਰ ਨੂੰ ਉਸ ਨੇ ਵੈਨਕੂਵਰ 'ਚ ਆਪਣੇ ਪਰਿਵਾਰ ਦੇ ਵਿਚਕਾਰ ਆਖਰੀ ਸਾਹ ਲਏ। ਮੰਗਲਵਾਰ ਨੂੰ ਜਾਰੀ ਕੀਤੇ ਗਏ ਅਲਬਰਟਾ ਦੀ ਅਦਾਲਤ ਦੇ ਫੈਸਲੇ 'ਚ ਦੱਸਿਆ ਗਿਆ ਕਿ ਉਹ ਏ. ਐੱਲ. ਐੱਸ., ਜਿਸ ਨੂੰ ਲੋਊਗੈਹਰਿਗ ਡਜ਼ੀਜ਼ ਵੀ ਆਖਿਆ ਜਾਂਦਾ ਹੈ।

 

ਡਾਕਟਰਾਂ ਨੇ ਉਸ ਨੂੰ ਛੇ ਮਹੀਨੇ ਹੋਰ ਜ਼ਿੰਦਾ ਰਹਿਣ ਦੀ ਆਸ ਜਗਾਈ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਸ ਔਰਤ ਨੂੰ ਐੱਸ ਨਾਂ ਤੋਂ ਹੀ ਜਾਣਿਆ ਜਾਂਦਾ ਸੀ। ਉਸ ਨੂੰ ਕਾਫੀ ਦਰਦ ਰਹਿੰਦਾ ਸੀ ਤੇ ਲਗਾਤਾਰ ਕਿਸੇ ਨਾ ਕਿਸੇ ਨੂੰ ਉਸ ਦੀ ਦੇਖਭਾਲ ਕਰਨੀ ਪੈਂਦੀ ਸੀ। ਉਹ ਖਾਣਾ ਤਾਂ ਦੂਰ ਤਰਲ ਰੂਪ 'ਚ ਵੀ ਖੁਰਾਕ ਨਹੀਂ ਸੀ ਲੈ ਸਕਦੀ ਤੇ ਉਸ ਨੂੰ ਗੈਸਟ੍ਰਿਕ ਟਿਊਬ ਰਾਹੀਂ ਭੋਜਨ ਦਿੱਤਾ ਜਾਂਦਾ ਸੀ। ਇਸ ਔਰਤ ਨੇ ਅਦਾਲਤ 'ਚ ਪੇਸ਼ ਕੀਤੀ ਆਪਣੀ ਅਰਜ਼ੀ 'ਚ ਲਿਖਿਆ ਕਿ ਨਾ ਹੀ ਉਸ ਨੂੰ ਮੌਤ ਦਾ ਡਰ ਹੈ ਤੇ ਨਾ ਹੀ ਉਹ ਕਿਸੇ ਕਿਸਮ ਦੀ ਘਬਰਾਹਟ ਤੋਂ ਪ੍ਰੇਸ਼ਾਨ ਹੈ। ਉਸ ਨੇ ਸ਼ਾਂਤਮਈ ਢੰਗ ਨਾਲ ਡਾਕਟਰ ਦੀ ਮਦਦ ਨਾਲ ਮਰਨ ਦੀ ਇੱਛਾ ਪ੍ਰਗਟਾਈ ਸੀ।