ਕੈਲਗਰੀ ਹਾਕਸ ਫੀਲਡ ਹਾਕੀ ਪ੍ਰੀਮੀਅਰ ਲੀਗ 12 ਮਾਰਚ ਤੋਂ

Global News

ਕੈਲਗਰੀ (ਰਾਜੀਵ ਸ਼ਰਮਾ)— ਕੈਲਗਰੀ ਹਾਕਸ ਫੀਲਡ ਹਾਕੀ ਫੀਲਡ ਅਕਾਦਮੀ ਵਲੋਂ ਸਪਰਿੰਗ ਸੀਜ਼ਨ ਦੀ ਹਾਕਸ ਪ੍ਰੀਮੀਅਰ ਲੀਗ 12 ਮਾਰਚ ਤੋਂ ਜੈਨਸਿਸ ਸੈਂਟਰ ਦੇ ਇਨਡੋਰ ਹਾਲ ਵਿਚ ਕਰਵਾਈ ਜਾ ਰਹੀ ਹੈ।ਇਸ ਲੀਗ ਦੇ ਮੈਚ ਹਰ ਸ਼ਨੀਵਾਰ ਦੀ ਸ਼ਾਮ ਨੂੰ ਖੇਡੇ ਜਾਣਗੇ ਅਤੇ ਲੀਗ ਦਾ ਫਾਈਨਲ ਮੈਚ 25 ਜੂਨ ਨੂੰ ਹੋਵੇਗਾ।ਇਸ ਲੀਗ ਨੂੰ ਗਰਮ ਰੁੱਤ ਦੇ ਸੀਜ਼ਨ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਨਵੇਂ ਤਜਰਬੇ ਵਜੋਂ ਇਸ ਵਾਰ ਲੀਗ ਤਿੰਨ ਵਰਗਾਂ 'ਚ ਖੇਡੀ ਜਾਵੇਗੀ। ਹਾਕਸ ਜੂਨੀਅਰ ਦੀ ਟੀਮ ਨੂੰ ਇਸ ਵਾਰ ਸੀਨੀਅਰ ਵਰਗ ਵਿਚ ਖਿਡਾਇਆ ਜਾਵੇਗਾ। 'ਏ' ਡਵੀਜ਼ਨ ਵਿਚ ਪੰਜ ਟੀਮਾਂ ਭਾਗ ਲੈਣਗੀਆਂ। ਇਸ ਵਰਗ 'ਚ ਪੰਜਾਬ ਈਗਲਜ਼, ਪੰਜਾਬ ਪੈਂਥਰਜ਼, ਪੰਜਾਬ ਟਾਈਗਰਜ਼, ਪੰਜਾਬ ਲਾਇਨਜ਼ ਅਤੇ ਹਾਕਸ ਜੂਨੀਅਰ ਦੀਆਂ ਟੀਮਾਂ ਖੇਡਣਗੀਆਂ। 'ਬੀ' ਡਵੀਜ਼ਨ ਵਿਚ ਦੋ ਟੀਮਾਂ ਅਤੇ 'ਸੀ' ਡਵੀਜ਼ਨ ਵਿਚ ਚਾਰ ਟੀਮਾਂ ਭਾਗ ਲੈਣਗੀਆਂ। 'ਏ' ਡਵੀਜ਼ਨ ਦੀਆਂ ਸਾਰੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ।


ਕਲੱਬ ਮੈਂਬਰਾਂ ਨੇ ਦੱਸਿਆ ਕਿ ਪਹਿਲੀਆਂ ਦੋ ਬੋਤਲ ਡਰਾਈਵਾਂ ਦੀ ਸਫ਼ਲਤਾ ਤੋਂ ਬਾਅਦ ਹਾਕਸ ਕਲੱਬ ਵੱਲੋਂ ਤੀਜੀ ਬੋਤਲ ਡਰਾਈਵ 16 ਅਪ੍ਰੈਲ (ਸਨਿਚਰਵਾਰ) ਨੂੰ ਕਰਵਾਈ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਮੁਹਿੰਮਾਂ ਤੋਂ ਇਕੱਤਰ ਰਾਸ਼ੀ ਬੱਚਿਆਂ ਲਈ ਖੇਡ ਮੈਦਾਨ ਦਾ ਕਿਰਾਇਆ ਭਰਨ ਲਈ ਵਰਤੀ ਜਾਂਦੀ ਹੈ। ਇਸੇ ਦੌਰਾਨ ਹਾਕਸ ਕਲੱਬ ਅਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਮੇਜ਼ਬਾਨੀ 'ਚ ਚੱਲ ਰਹੀ ਪੰਜਾਬੀ ਕਵਿਤਾ ਉਚਾਰਨ ਵਰਕਸ਼ਾਪ ਦੀ ਸਫ਼ਲਤਾ ਲਈ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਕਲੱਬ ਵੱਲੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਹਾਕਸ ਕਲੱਬ ਅਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਪੰਜਾਬੀ ਜਮਾਤਾਂ ਦੀ ਵਿਉਂਤਬੰਦੀ ਹੋ ਚੁੱਕੀ ਹੈ।