ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਲਈ ਬਣ ਗਏ ਕਾਤਲ

Global News

ਨਵੀਂ ਦਿੱਲੀ— ਆਮ ਜਨਜੀਵਨ 'ਤੇ ਸਿਨੇਮਾ ਦਾ ਸੁਰੂਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸਿਨੇਮਾ ਦਾ ਅਸਰ ਆਮ ਜੀਵਨ ਜਿਊਂਣ ਵਾਲਿਆਂ ਨੂੰ ਅਪਰਾਧੀ ਵੀ ਬਣਾ ਰਿਹਾ ਹੈ। ਇਸ ਦਾ ਜਿਊਂਦਾ ਜਾਗਦਾ ਉਦਾਹਰਣ ਦਿੱਲੀ ਦੀ ਨਵ ਵਿਕਸਿਤ ਕਾਲੋਨੀ ਦਵਾਰਕਾ 'ਚ ਹੋਈ 9 ਸਾਲ ਦੇ ਬੱਚੇ ਦੀ ਹੱਤਿਆ ਹੈ। ਇਸ ਬੱਚੇ ਦੇ ਕਾਤਲ ਕੋਈ ਪੇਸ਼ੇਵਰ ਕਾਤਲ ਨਹੀਂ ਸਗੋਂ ਸਕੂਲ ਜਾਣ ਵਾਲੇ ਨਾਬਾਲਗ ਹਨ। ਉਹ ਆਪਣੀ ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਲਈ ਮਹਿੰਗੀ ਕਾਰ ਖਰੀਦਣਾ ਚਾਹੁੰਦੇ ਸਨ।


ਇਸ ਲਈ ਉਨ੍ਹਾਂ ਨੇ ਪਹਿਲਾਂ ਬੱਚੇ ਨੂੰ ਅਗਵਾ ਕੀਤਾ। ਮਾਮਲਾ ਖੁੱਲ੍ਹ ਨਾ ਜਾਏ, ਇਸ ਲਈ ਉਸ ਦਾ ਕਤਲ ਕਰ ਦਿੱਤਾ। ਇਹ ਘਟਨਾ ਦਵਾਰਕਾ ਸੈਕਟਰ 'ਚ ਪੋਚਨਪੁਰ ਦੀ ਹੈ। ਇੱਥੇ ਪ੍ਰਦੀਪ ਸਹਰਾਵਤ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਲਲਿਤ ਉਨ੍ਹਾਂ ਦਾ ਇਕਲੌਤਾ ਬੇਟਾ ਸੀ। ਪੁਲਸ ਅਨੁਸਾਰ ਮ੍ਰਿਤਕ ਅਤੇ ਕਾਤਲ ਆਪਸ 'ਚ ਰਿਸ਼ਤੇਦਾਰ ਵੀ ਹਨ। ਕਾਤਲਾਂ ਨੇ ਪਹਿਲਾਂ ਅਗਵਾ ਕੀਤਾ ਅਤੇ ਫਿਰੌਤੀ ਦੀ ਯੋਜਨਾ ਬਣਾਈ। ਇਸ ਦੌਰਾਨ ਲਲਿਤ ਰੌਲਾ ਪਾਉਣ ਲੱਗਾ।


ਗੱਲ ਖੁੱਲ੍ਹ ਜਾਣ ਅਤੇ ਫੜੇ ਜਾਣ ਦੇ ਡਰ ਨਾਲ ਉਨ੍ਹਾਂ ਨੇ ਲਲਿਤ ਦਾ ਗਲਾ ਬਲੇਡ ਨਾਲ ਕੱਟ ਦਿੱਤਾ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਕਾਤਲਾਂ 'ਚੋਂ ਇਕ ਤੋਂ ਪੁੱਛ-ਗਿੱਛ ਕੀਤੀ ਅਤੇ ਗੁੱਥੀ ਸੁਲਝ ਗਈ। ਦੋਵੇਂ ਕਾਤਲ ਗ੍ਰਿਫਤਾਰ ਵੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਸਿਰਫ 8-10 ਲੱਖ ਦੀ ਫਿਰੌਤੀ ਲੈ ਕੇ ਲਲਿਤ ਨੂੰ ਛੱਡ ਦਿੰਦੇ। ਫਿਰੌਤੀ ਤੋਂ ਮਿਲੇ ਪੈਸਿਆਂ ਨਾਲ ਉਹ ਇਕ ਕਾਰ ਖਰੀਦਦੇ ਅਤੇ ਪ੍ਰੇਮਿਕਾ ਨਾਲ ਮਸਤੀ ਕਰਦੇ। ਪੁਲਸ ਨੇ ਦੋਹਾਂ ਨੂੰ ਜੁਵੇਨਾਈਲ ਜੇਲ ਭੇਜ ਦਿੱਤਾ ਹੈ।