ਪਾਕਿ ਨੂੰ ਅਸੀਂ ਜਿਸ ਪਿੰਜਰੇ ''ਚ ਪਾਇਆ ਸੀ, ਮੋਦੀ ਨੇ ਉਸ ਨੂੰ ਆਜ਼ਾਦ ਕਰ ਦਿੱਤਾ

Global News

ਨਵੀਂ ਦਿੱਲੀ  - ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧਾ ਨਿਸ਼ਾਨੇ 'ਤੇ ਲੈਂਦੇ ਹੋਏ ਉਨ੍ਹਾਂ 'ਤੇ ਦੋਸ਼ ਲਗਾਇਆ ਕਿ ਯੂ. ਪੀ. ਏ. ਸਰਕਾਰ ਨੇ ਅੱਤਵਾਦ ਦਾ ਪ੍ਰਸਾਰ ਕਰਨ ਵਾਲੇ ਜਿਸ ਪਾਕਿਸਤਾਨ ਨੂੰ ਸਭ ਨਾਲ ਮਿਲ ਕੇ ਦੁਨੀਆ ਭਰ 'ਚ ਅਲਗ-ਥਲਗ ਕਰਕੇ ਇਕ ਪਿੰਜਰੇ 'ਚ ਪਾ ਦਿੱਤਾ ਸੀ ਉਸ ਨੂੰ ਮੌਜੂਦਾ ਪ੍ਰਧਾਨ ਮੰਤਰੀ ਨੇ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਉਸ ਪਿੰਜਰੇ 'ਚੋਂ ਕੱਢ ਦਿੱਤਾ।। ਰਾਹੁਲ ਨੇ ਕਿਹਾ ਕਿ ਅਜਿਹਾ ਕਰਕੇ ਮੋਦੀ ਨੇ ਨਾ ਸਿਰਫ ਪਾਕਿਸਤਾਨ ਨੂੰ ਇਕ ਸਨਮਾਨ ਦਿੱਤਾ ਸਗੋਂ ਰਾਸ਼ਟਰੀ ਝੰਡੇ ਦਾ ਵੀ ਨਿਰਾਦਰ ਕੀਤਾ।  

 

ਮੋਦੀ ਨੇ ਕਿਸੇ ਨੂੰ ਦੱਸੇ ਬਿਨਾਂ ਲਾਹੌਰ ਦੀ ਯਾਤਰਾ ਕਰ ਕੇ ਆਪਣੀ ਮਨਮਾਨੀ ਦਾ ਸਬੂਤ ਦਿੱਤਾ। ਉਹ ਖੁਦ ਨੂੰ ਹੀ ਦੇਸ਼ ਮੰਨਦੇ ਹਨ।


ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਹੋ ਰਹੀ ਚਰਚਾ ਦੌਰਾਨ ਰਾਹੁਲ ਨੂੰ ਮੋਦੀ 'ਤੇ ਤਾਬੜਤੋੜ ਵਾਰ ਕਰਦੇ ਹੋਏ ਕਿਹਾ ਕਿ ਅੱਤਵਾਦ ਦੇ ਮੁੱਦੇ 'ਤੇ ਅਸੀਂ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਨੂੰ ਤਬਾਹ ਕੀਤਾ ਅਤੇ ਦੁਨੀਆ ਨੂੰ ਭਰੋਸਾ ਦਿਵਾਇਆ ਕਿ ਪਾਕਿਸਤਾਨ ਵਿਸ਼ਵ ਪੱਧਰੀ ਅੱਤਵਾਦ ਦਾ ਸਮਰਥਕ ਹੈ। ਕਾਲੇ ਧਨ 'ਤੇ ਰਾਹੁਲ ਨੇ ਦੋਸ਼ ਲਗਾਇਆ ਕਿ ਸਰਕਾਰ ਬਜਟ ਵਿਚ ਕਾਲੇ ਧਨ ਨੂੰ ਚਿੱਟਾ ਕਰਨ ਲਈ 'ਫੇਅਰ ਐਂਡ ਲਵਲੀ ਯੋਜਨਾ' ਲੈ ਕੇ ਆਈ ਹੈ ਜਿਸ ਨਾਲ ਵੱਡੇ-ਵੱਡੇ ਕਾਰਪੋਰੇਟਰਾਂ ਨੂੰ ਲਾਭ ਹੋਵੇਗਾ।

 

ਮੋਦੀ ਵਿਦੇਸ਼ਾਂ ਵਿਚੋਂ ਕਾਲਾ ਧਨ ਵਾਪਸ ਲਿਆਉਣ ਵਿਚ ਵੀ ਅਸਫਲ ਰਹੇ ਹਨ। ਰਾਹੁਲ ਨੇ ਮੋਦੀ 'ਤੇ ਦੇਸ਼ ਵਾਸੀਆਂ ਦੀ ਆਵਾਜ਼ ਨੂੰ ਅਣਸੁਣਿਆ ਕਰਨ ਅਤੇ ਦਲਿਤਾਂ, ਗਰੀਬਾਂ, ਕਮਜ਼ੋਰਾਂ ਅਤੇ ਆਦਿਵਾਸੀਆਂ ਨੂੰ ਅੱਗੇ ਵਧਣ ਤੋਂ ਰੋਕਣ ਦਾ ਦੋਸ਼ ਲਗਾਇਆ। ਮੋਦੀ ਨੇ ਵਾਅਦਿਆਂ ਦਾ ਜਾਲ ਵਿਛਾਇਆ ਅਤੇ ਜਦੋਂ ਇਨ੍ਹਾਂ ਵਾਅਦਿਆਂ 'ਤੇ ਸਵਾਲ ਉਠਣ ਲੱਗੇ ਤਾਂ ਸਵਾਲ ਉਠਾਉਣ ਵਾਲਿਆਂ ਨੂੰ ਦਬਾਇਆ ਜਾ ਰਿਹਾ ਹੈ। ਰੋਹਿਤ ਵੇਮੁਲਾ ਅਤੇ ਯੇ. ਐੱਨ. ਯੂ. ਇਸ ਦੇ ਉਦਾਹਰਣ ਹਨ।