ਐੱਨ. ਆਈ. ਏ. ਨੇ ਪਾਕਿ ਕੋਲੋਂ ਜੈਸ਼ ਦੇ 4 ਅੱਤਵਾਦੀਆਂ ਦਾ ਮੰਗਿਆ ਵੇਰਵਾ

Global News

ਨਵੀਂ ਦਿੱਲੀ - ਭਾਰਤ ਨੇ ਅੱਜ ਦੋ-ਟੁੱਕ ਕਿਹਾ ਕਿ ਪਠਾਨਕੋਟ ਹਮਲੇ ਦੇ ਪਿਛੋਕੜ ਵਿਚ ਗੱਲਾਂਬਾਤਾਂ ਨਾਲੋਂ ਜ਼ਿਆਦਾ ਅਹਿਮੀਅਤ ਪਾਕਿਸਤਾਨ ਵਲੋਂ ਅੱਤਵਾਦ ਵਿਰੁੱਧ ਕਾਰਵਾਈ ਨੂੰ ਦਿੱਤੀ ਜਾਵੇਗੀ। ਪਠਾਨਕੋਟ ਹਮਲੇ ਕਾਰਨ ਵਿਦੇਸ਼ ਸਕੱਤਰ ਪੱਧਰ ਦੀਆਂ ਗੱਲਾਂਬਾਤਾਂ ਰੱਦ ਹੋ ਗਈਆਂ ਸਨ। ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਨੇ ਕਿਹਾ, ''ਅੱਤਵਾਦੀ ਹਮਲੇ ਦੇ ਪਿਛੋਕੜ ਵਿਚ ਜੇਕਰ ਤੁਸੀਂ ਮੇਰੇ ਕੋਲੋਂ ਪੁੱਛਦੇ ਹੋ ਕਿ ਤੁਸੀਂ ਕਿਸ ਨੂੰ ਤਰਜੀਹ ਦਿੰਦੇ ਹੋ? (ਇਕ ਅੱਤਵਾਦੀ ਹਮਲੇ ਨੂੰ ਜਾਂ ਕੂਟਨੀਤਕ ਗੱਲਬਾਤ ਨੂੰ) ਤਾਂ ਮੈਨੂੰ ਲੱਗਦਾ ਹੈ ਕਿ ਜਵਾਬ ਸੁਭਾਵਕ ਹੀ ਹੋਣਾ ਚਾਹੀਦਾ ਹੈ।''


ਇਸੇ ਦਰਮਿਆਨ ਜਨਵਰੀ ਮਹੀਨੇ 'ਚ ਪਠਾਨਕੋਟ ਦੇ ਫੌਜੀ ਹਵਾਈ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਐੈੱਨ. ਆਈ. ਏ. ਨੇ ਪਾਕਿਸਤਾਨ ਨੂੰ ਪੱਤਰ ਭੇਜ ਕੇ ਹਮਲਾ ਕਰਨ ਵਾਲੇ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ  ਦਾ ਵੇਰਵਾ ਮੰਗਿਆ ਹੈ। ਇਸ ਮਹੀਨੇ ਦੇ ਆਖਰੀ ਹਫਤੇ 'ਚ ਪਾਕਿਸਤਾਨ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੇ ਸੰਭਾਵਿਤ ਦੌਰੇ ਤੋਂ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (ਐੈੱਨ. ਆਈ. ਏ.) ਨੇ ਵਿਸ਼ੇਸ਼ ਦਸਤਾਵੇਜ਼ਾਂ ਨਾਲ ਪੱਤਰ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ 1 ਅਤੇ 2 ਜਨਵਰੀ ਦੀ ਰਾਤ ਨੂੰ ਭਾਰਤੀ ਹਵਾਈ ਫੌਜ ਦੇ ਅੱਡੇ 'ਤੇ ਕੀਤੇ ਗਏ ਹਮਲੇ ਤੋਂ ਪਹਿਲਾਂ 4 ਅੱਤਵਾਦੀਆਂ ਨੇ ਜਿਹੜੇ ਨੰਬਰਾਂ 'ਤੇ ਫੋਨ ਕੀਤੇ ਸਨ, ਉਨ੍ਹਾਂ ਦੇ ਵੇਰਵੇ ਮੰਗੇ ਹਨ। ਬੇਨਤੀ ਪੱਤਰ ਵਿਸ਼ੇਸ਼ ਅਦਾਲਤ ਰਾਹੀਂ ਭੇਜਿਆ ਜਾਣ ਵਾਲਾ ਕਾਨੂੰਨੀ ਦਸਤਾਵੇਜ਼ ਹੈ।