''ਸੂਟ-ਬੂਟ'' ਮਗਰੋਂ ਰਾਹੁਲ ਦਾ ਸਰਕਾਰ ''ਤੇ ''ਫੇਅਰ ਐਂਡ ਲਵਲੀ ਅਟੈਕ''

Global News

ਕਿਹਾ- ਸਰਕਾਰ ਨਾ ਤਾਂ ਜੇ. ਐੱਨ. ਯੂ. ਨੂੰ ਦਰੜ ਸਕੇਗੀ ਅਤੇ ਨਾ ਹੀ ਕੁਝ ਕਰ ਸਕੇਗੀ 
ਨਵੀਂ ਦਿੱਲੀ— ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ  ਬੁੱਧਵਾਰ ਸੰਸਦ 'ਚ ਚੁੱਪ ਤੋੜੀ ਅਤੇ ਕੇਂਦਰ ਸਰਕਾਰ 'ਤੇ ਖੁੱਲ੍ਹ ਕੇ ਵਾਰ ਕੀਤਾ। ਰਾਹੁਲ ਨੇ ਕਾਲੇ ਧਨ, ਮਹਿੰਗਾਈ, ਜੇ. ਐੱਨ. ਯੂ. ਅਤੇ ਰੋਹਿਤ ਵੇਮੁਲਾ ਮਾਮਲੇ 'ਤੇ ਹੱਲਾ ਬੋਲਿਆ। ਰਾਹੁਲ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਤੁਸੀਂ ਨਾ ਜੇ. ਐੱਨ. ਯੂ. ਨੂੰ ਦਰੜ ਸਕੋਗੇ ਅਤੇ ਨਾ ਹੀ ਕੁਝ ਕਰ ਸਕੋਗੇ। ਸਾਡੇ ਧਰਮ 'ਚ ਕਿਤੇ ਲਿਖਿਆ ਹੈ ਕਿ ਅਧਿਆਪਕਾਂ ਦੀ ਕੁੱਟਮਾਰ ਕੀਤੀ ਜਾਣੀ ਚਾਹੀਦੀ ਹੈ? ਇਹ ਕਿਤੇ ਲਿਖਿਆ ਕਿ ਅਦਾਲਤ 'ਚ ਜੇ. ਐੈੱਨ. ਯੂ. ਦੇ ਟੀਚਰਾਂ ਨੂੰ ਕੁੱਟਿਆ ਜਾਣਾ ਚਾਹੀਦਾ ਹੈ।


ਜੇ. ਐੈੱਨ. ਯੂ. ਵਿਦਿਆਰਥੀ ਸੰਘ ਦੇ ਪ੍ਰਧਾਨ ਕਨੱਈਆ ਕੁਮਾਰ ਦੀ ਗ੍ਰਿਫਤਾਰੀ 'ਤੇ ਰਾਹੁਲ ਨੇ ਕਿਹਾ, ''ਕਨੱਈਆ ਨੇ ਕੋਈ ਦੇਸ਼ਧ੍ਰੋਹ ਦੀ ਗੱਲ ਨਹੀਂ ਕੀਤੀ, ਉਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੇ ਕਿਹਾ ਉਸ ਨੂੰ ਨਹੀਂ ਫੜ ਰਹੇ। ਅਸੀਂ ਉਹ ਹਾਂ ਜੋ ਗਲਤੀ ਤੋਂ ਸਿੱਖਦੇ ਹਾਂ। ਇਕ ਪਾਸੇ ਗਾਂਧੀ ਹਨ ਤੇ ਦੂਸਰੇ ਪਾਸੇ ਸਾਵਰਕਰ ਹਨ। ਅਸੀਂ ਲੋਕ ਗਾਂਧੀ ਵਾਲੇ ਹਾਂ। ਰਾਹੁਲ ਗਾਂਧੀ ਨੇ ਫਿਰ ਕਿਹਾ ਗਾਂਧੀ ਮੇਰੇ ਹਨ ਸਾਵਰਕਰ ਤੁਹਾਡੇ। ਕੀ ਸਾਵਰਕਰ ਤੁਹਾਡੇ ਨਹੀਂ ਹਨ? ਕੀ ਤੁਸੀਂ ਚੁੱਕ ਕੇ ਸੁੱਟ ਦਿੱਤਾ? ਜੇ. ਐੱਨ. ਯੂ. ਦੇ 60 ਫੀਸਦੀ ਲੋਕ ਗਰੀਬ, ਦਲਿਤ ਹਨ।


ਰਾਹੁਲ ਨੇ ਕਿਹਾ, ''2014 'ਚ ਮੋਦੀ ਜੀ ਨੇ ਭਾਸ਼ਣ ਦਿੱਤਾ ਸੀ ਕਿ ਮੈਂ ਕਾਲੇ ਧਨ ਦੀ ਲੜਾਈ ਜਿੱਤਾਂਗਾ। ਜੋ ਦੋਸ਼ੀ ਹੋਵੇਗਾ ਉਸ ਨੂੰ ਜੇਲ 'ਚ ਭੇਜਾਂਗਾ ਪਰ ਮੋਦੀ ਸਰਕਾਰ ਦੀ 'ਫੇਅਰ ਐਂਡ ਲਵਲੀ' ਯੋਜਨਾ ਨਾਲ ਕਿਸੇ ਨੂੰ ਸਜ਼ਾ ਨਹੀਂ ਹੋਣੀ। ਅਰੁਣ ਜੇਤਲੀ ਜੀ ਨੂੰ ਟੈਕਸ ਦਿਓ ਅਤੇ ਆਪਣਾ ਕਾਲਾ ਪੈਸਾ ਸਫੈਦ ਕਰੋ।''


ਕਾਂਗਰਸ ਉਪ ਪ੍ਰਧਾਨ ਨੇ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਕੇਂਦਰ ਨੇ 'ਫੇਅਰ ਐਂਡ ਲਵਲੀ' ਯੋਜਨਾ  ਸ਼ੁਰੂ ਕੀਤੀ ਜਿਸ ਨਾਲ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਿਆ ਜਾਵੇਗਾ। ਮੋਦੀ ਜੀ ਨੇ ਵਾਅਦਾ ਕੀਤਾ ਸੀ ਕਿ ਕਾਲਾ ਧਨ ਰੱਖਣ ਵਾਲਿਆਂ ਨੂੰ ਜੇਲ 'ਚ ਸੁੱਟਿਆ ਜਾਵੇਗਾ ਪਰ ਹੁਣ ਇਸ ਯੋਜਨਾ ਰਾਹੀਂ ਉਨ੍ਹਾਂ ਨੂੰ ਬਚਾਉਣ ਦੀ ਤਿਆਰੀ ਕਰ ਲਈ ਗਈ ਹੈ।