ਕੇਰੀ ਨੇ ਪਾਕਿਸਤਾਨ ਨੂੰ ਪ੍ਰਮਾਣੂ ਹਥਿਆਰ ਘੱਟ ਕਰਨ ਲਈ ਕਿਹਾ

Global News

ਵਾਸ਼ਿੰਗਟਨ— ਅਮਰੀਕਾ ਨੇ ਪਾਕਿਸਤਾਨ 'ਤੇ ਦਬਾਅ ਬਣਾਇਆ ਹੈ ਕਿ ਉਹ ਆਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਨੂੰ ਘੱਟ ਕਰੇ ਪਰ ਇਸਲਾਮਾਬਾਦ ਨੇ ਇਹ ਕਹਿੰਦਿਆਂ ਇਸ ਤੋਂ ਇਨਕਾਰ ਕੀਤਾ ਹੈ ਕਿ ਅਮਰੀਕਾ ਦੱਖਣੀ ਏਸ਼ੀਆ 'ਚ ਉਸ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ 'ਵਿਆਪਕ ਸਮਝ' ਦਿਖਾਵੇ। ਪ੍ਰਮਾਣੂ ਹਥਿਆਰਾਂ ਨੂੰ ਘਟਾਉਣ ਲਈ ਅਮਰੀਕਾ ਤੇ ਰੂਸ ਨਾਲ ਕੰਮ ਕਰਨ ਦੀ ਮਿਸਾਲ ਦਿੰਦਿਆਂ ਅਮਰੀਕੀ ਵਿਦੇਸ਼ ਮੰਤਰੀ ਜੌਨ ਕੇਰੀ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਇਸ ਅਸਲੀਅਤ ਨੂੰ ਸਮਝੇ ਤੇ ਆਪਣੀ ਪ੍ਰਮਾਣੂ ਨੀਤੀ ਦੀ ਸਮੀਖਿਆ ਕਰੇ।
 

ਇਥੇ ਕੱਲ ਅਮਰੀਕਾ-ਪਾਕਿਸਤਾਨ ਰਣਨੀਤਕ ਚਰਚਾ ਤਹਿਤ ਸੁਰੱਖਿਆ ਗੱਲਬਾਤ ਦੌਰਾਨ ਪ੍ਰਮਾਣੂ ਮੁੱਦੇ 'ਤੇ ਚਰਚਾ ਕੀਤੀ ਗਈ। ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਤੇਜ਼ੀ ਨਾਲ ਵਧਾਉਣ ਸਬੰਧੀ ਖਬਰਾਂ ਦਾ ਅਸਿੱਧੇ ਢੰਗ ਨਾਲ ਹਵਾਲਾ ਦਿੰਦਿਆਂ ਕੇਰੀ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਪਾਕਿਸਤਾਨ ਲਈ ਇਸ ਅਸਲੀਅਤ ਨੂੰ ਸਮਝਣਾ ਮਹੱਤਵਪੂਰਨ ਹੈ ਤੇ ਉਹ ਆਪਣੀ ਨੀਤੀ 'ਚ ਇਸ ਬਿੰਦੂ ਨੂੰ ਅੱਗੇ ਰੱਖੇ।' ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ਼ ਨੇ ਕਿਹਾ, 'ਅਪ੍ਰਸਾਰ ਤੇ ਰਣਨੀਤਕ ਸਥਿਰਤਾ ਨੂੰ ਲੈ ਕੇ ਸਾਡਾ ਸੰਪਰਕ ਜਾਰੀ ਰਹੇਗਾ ਤੇ ਪਾਕਿਸਤਾਨ ਉਮੀਦ ਕਰਦਾ ਹੈ ਕਿ ਉਸ ਦੀ ਸੁਰੱਖਿਆ ਚਿੰਤਾਵਾਂ ਤੇ ਇਕ ਮੁੱਖ ਧਾਰਾ ਵਾਲੀ ਪ੍ਰਮਾਣੂ ਸ਼ਕਤੀ ਦੇ ਤੌਰ 'ਤੇ ਸਰਗਰਮ ਯੋਗਦਾਨ ਦੇਣ ਦੀ ਉਸ ਦੀ ਉਮੀਦ ਨੂੰ ਲੈ ਕੇ ਅਮਰੀਕਾ ਵਲੋਂ ਵਿਆਪਕ ਸਮਝ ਦੇਖਣ ਨੂੰ ਮਿਲੇਗੀ।'