ਮੋਦੀ ਨੂੰ ਮਿਲੀ ਨਵਜੋਤ ਕੌਰ ਸਿੱਧੂ , ਪੰਜਾਬ ''ਚ ਸਿਆਸੀ ਅਟਕਲਾਂ ਹੋਈਆਂ ਤੇਜ਼

Global News

ਨਵੀਂ ਦਿੱਲੀ/ਅੰਮ੍ਰਿਤਸਰ (ਜ. ਬ.) : ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਦੇ 'ਆਮ ਆਦਮੀ ਪਾਰਟੀ' ਦਾ ਪੱਲਾ ਫੜ੍ਹਨ ਦੀਆਂ ਚੱਲ ਰਹੀਆਂ ਚਰਚਾਵਾਂ ਵਿਚਕਾਰ ਮੰਗਲਵਾਰ ਦੇਰ ਸ਼ਾਮ ਨਵਜੋਤ ਕੌਰ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
 

ਨਵਜੋਤ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਮੁਲਾਕਾਤ ਦਾ ਬਿਓਰਾ ਆਪਣੇ ਫੇਸਬੁੱਕ ਪੇਜ 'ਤੇ ਫੋਟੋ ਨਾਲ ਸ਼ੇਅਰ ਕੀਤਾ ਹੈ। ਨਵਜੋਤ ਕੌਰ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 1984 ਦੇ ਸਿੱਖ ਦੰਗਿਆਂ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ ਦਿਵਾਉਣ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਹੈ। 
 

ਨਵਜੋਤ ਕੌਰ ਦੀ ਪ੍ਰਧਾਨ ਮੰਤਰੀ ਨਾਲ ਇਸ ਬੈਠਕ ਨੂੰ ਪੰਜਾਬ ਦੀ ਸਿਆਸਤ ਦੇ ਲਿਹਾਜ਼ ਨਾਲ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਮੁਲਾਕਾਤ ਦੇ ਆਪਣੇ ਹੀ ਸਿਆਸੀ ਮਾਇਨੇ ਹਨ। ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦੀ ਪਹਿਲ ਕੀਤੀ ਸੀ ਪਰ ਸਿੱਧੂ ਨੇ ਪ੍ਰਧਾਨ ਬਣਨ ਲਈ ਅਕਾਲੀ ਦਲ ਦਾ ਸਾਥ ਛੱਡਣ ਦੀ ਸ਼ਰਤ ਜੋੜ ਕੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਨਵਜੋਤ ਕੌਰ ਨੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਸਥਿਤ ਫੌਜ ਦੇ ਹਥਿਆਰਾਂ ਦੇ ਡੰਪ ਨੂੰ ਸ਼ਿਫਟ ਕਰਨ ਦੀ ਮੰਗ ਕੀਤੀ ਸੀ।