ਭਾਰਤ ਦੀਆਂ ਨਜ਼ਰਾਂ ਜੇਤੂ ਹੈਟ੍ਰਿਕ ''ਤੇ

Global News

ਮੀਰਪੁਰ- ਬੰਗਲਾਦੇਸ਼ ਤੇ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਧਮਾਕੇਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ ਮੰਗਲਵਾਰ ਨੂੰ ਏਸ਼ੀਆ ਕੱਪ ਵਿਚ ਸ਼੍ਰੀਲੰਕਾ ਵਿਰੁੱਧ ਵੀ ਇਸੇ ਜੇਤੂ ਮੁਹਿੰਮ ਨੂੰ ਜਾਰੀ ਰੱਖਣ ਉਤਰੇਗੀ।
 

ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਿੱਠ ਵਿਚ ਖਿਚਾਅ ਤੇ ਰੋਹਿਤ ਸ਼ਰਮਾ ਦੇ ਪੈਰ ਵਿਚ ਸੱਟ ਨੇ ਭਾਰਤ ਦੀਆਂ ਮੁਸ਼ਕਿਲਾਂ ਜ਼ਰੂਰ ਵਧਾ ਦਿੱਤੀਆਂ ਹਨ ਪਰ ਫਿਲਹਾਲ ਟੂਰਨਾਮੈਂਟ ਵਿਚ ਜੇਤੂ ਰੱਥ 'ਤੇ ਸਵਾਰ ਭਾਰਤ ਸਭ ਤੋਂ ਮਜ਼ਬੂਤ ਸਥਿਤੀ ਵਿਚ ਹੈ ਤੇ ਮੇਜ਼ਬਾਨ ਬੰਗਲਾਦੇਸ਼ ਵਿਰੁੱਧ ਆਪਣਾ ਪਿਛਲਾ ਮੈਚ ਹਾਰ ਚੁੱਕੀ ਸ਼੍ਰੀਲੰਕਾ ਵਿਰੁੱਧ ਉਸ ਨੂੰ ਜਿੱਤ ਦਾ ਪਹਿਲਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਘਰੇਲੂ ਮੈਦਾਨ 'ਤੇ ਹੋਈ ਤਿੰਨ ਮੈਚਾਂ ਦੀ ਟੀ-20 ਲੜੀ ਵਿਚ ਵੀ ਸ਼੍ਰੀਲੰਕਾ ਨੂੰ 2-1 ਨਾਲ ਹਰਾ ਚੁੱਕਾ ਹੈ।
 

ਭਾਰਤ ਨੇ ਟੂਰਨਾਮੈਂਟ ਵਿਚ ਆਪਣਾ ਪਿਛਲਾ ਮੁਕਾਬਲਾ ਪਾਕਿਸਤਾਨ ਤੋਂ 5 ਵਿਕਟਾਂ ਨਾਲ ਜਿੱਤਿਆ ਸੀ ਤੇ ਉਥੇ ਹੀ ਸ਼੍ਰੀਲੰਕਾ ਨੂੰ ਪਿਛਲੇ ਮੈਚ ਵਿਚ ਬੰਗਲਾਦੇਸ਼ ਹੱਥੋਂ 23 ਦੌੜਾਂ ਦੀ ਸ਼ਰਮਨਾਕ ਹਾਰ ਝੱਲਣੀ ਪਈ ਸੀ। ਆਪਣੇ ਪਿਛਲੇ ਦੋਵੇਂ ਮੈਚ ਜਿੱਤ ਚੁੱਕੀ ਟੀਮ ਇੰਡੀਆ ਦਾ ਮਨੋਬਲ ਕਾਫੀ ਉੱਚਾ ਦਿਖਾਈ ਦੇ ਰਿਹਾ ਹੈ ਤੇ ਉਸ ਦਾ ਬੱਲੇਬਾਜ਼ੀ ਤੇ ਗੇਂਦਬਾਜ਼ੀ ਕ੍ਰਮ ਕਾਫੀ ਸੰਤੁਲਿਤ ਦਿਖਾਈ ਦੇ ਰਹੇ ਹਨ। 
 

ਹਾਲਾਂਕਿ ਓਪਨਰ ਰੋਹਿਤ ਦੀ ਸੱਟ ਨੇ ਜ਼ਰੂਰ ਕੁਝ ਚਿੰਤਾ ਪੈਦਾ ਕਰ ਦਿੱਤੀ ਹੈ ਤੇ ਉਸ ਦਾ ਖੇਡਣਾ ਫਿਲਹਾਲ ਸ਼ੱਕੀ ਬਣਿਆ ਹੋਇਆ ਹੈ ਪਰ ਟੀਮ ਇੰਡੀਆ ਵਿਚ ਸ਼ਿਖਰ ਧਵਨ, ਅਜਿੰਕਯ ਰਹਾਨੇ, ਵਿਰਾਟ ਕੋਹਲੀ ਤੇ ਆਲਰਾਊਂਡਰ ਹਾਰਦਿਕ ਪੰਡਯਾ ਦੇ ਰੂਪ ਵਿਚ ਚੰਗੇ ਬੱਲੇਬਾਜ਼ ਮੌਜੂਦ ਹਨ, ਜਿਹੜੇ ਬੋਰਡ 'ਤੇ ਸਕੋਰ ਲਗਾਉਣ 'ਚ ਸਮਰੱਥ ਹਨ। 
 

ਕਪਤਾਨ ਧੋਨੀ ਦੀ ਪਿੱਠ ਵਿਚ ਵੀ ਕੁਝ ਸਮੱਸਿਆ ਹੈ, ਜਿਸ ਕਾਰਨ ਪਾਰਥਿਵ ਪਟੇਲ ਨੂੰ ਉਸ ਦੇ ਬੈਕਅਪ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ ਪਰ ਸੱਟ ਦੇ ਬਾਵਜੂਦ ਪਿਛਲੇ ਦੋਵਾਂ ਮੈਚਾਂ 'ਚ ਧੋਨੀ ਖੇਡਣ ਉਤਰਿਆ। ਪਾਕਿਸਤਾਨ ਵਿਰੁੱਧ ਧੋਨੀ ਨੇ ਜਿੱਤ ਦਾ ਚੌਕਾ ਲਗਾ ਕੇ ਮੈਚ ਫਿਨਿਸ਼ਰ ਦੀ ਆਪਣੀ ਭੂਮਿਕਾ ਨੂੰ ਵੀ ਨਿਭਾਇਆ ਤੇ ਉਮੀਦ ਹੈ ਕਿ ਉਹ ਅੱਗੇ ਵੀ ਖੇਡਣ ਉਤਰੇਗਾ ਪਰ ਦਰਦ ਦੇ ਬਾਵਜੂਦ ਵੀ ਖੇਡ ਰਿਹਾ ਧੋਨੀ ਇਸ ਕਾਰਨ ਅਭਿਆਸ ਵਿਚ ਹਿੱਸਾ ਨਹੀਂ ਲੈ ਸਕਿਆ। 
 

ਸੱਟਾਂ ਨਾਲ ਜੂਝ ਰਹੀ ਭਾਰਤੀ ਟੀਮ ਦਾ ਓਪਨਰ ਸ਼ਿਖਰ ਪਾਕਿਸਤਾਨ ਵਿਰੁੱਧ ਮੈਚ ਤੋਂ ਐਨ ਪਹਿਲਾਂ ਬਾਹਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗਿੱਟੇ 'ਚ ਸੱਟ ਕਾਰਨ ਚੌਕਸੀ ਦੇ ਤੌਰ 'ਤੇ ਬਾਹਰ ਬਿਠਾਇਆ ਗਿਆ ਸੀ। ਇਹ ਅਜੇ ਸਾਫ ਨਹੀਂ ਹੈ ਕਿ ਸ਼ਿਖਰ ਦੀ ਸੱਟ ਕਿੰਨੀ ਗੰਭੀਰ ਹੈ ਤੇ ਉਹ ਅਗਲੇ ਮੈਚ ਵਿਚ ਖੇਡੇਗਾ ਜਾਂ ਨਹੀਂ। ਸ਼ਿਖਰ ਤੇ ਰੋਹਿਤ ਜੇਕਰ ਦੋਵੇਂ ਹੀ ਫਿੱਟ ਨਾ ਹੋਣ ਕਾਰਨ ਮੰਗਲਵਾਰ ਨੂੰ ਖੇਡਣ ਨਹੀਂ ਉਤਰਦੇ ਤਾਂ ਨਿਸ਼ਚਿਤ ਤੌਰ 'ਤੇ ਹੀ ਧੋਨੀ ਲਈ ਇਹ ਆਖਰੀ-11 ਨੂੰ ਲੈ ਕੇ ਸਮੱਸਿਆ ਪੈਦਾ ਕਰਨ ਵਾਲੀ ਸਥਿਤੀ ਹੋ ਸਕਦੀ ਹੈ।
 

ਦੂਜੇ ਪਾਸੇ ਸ਼੍ਰੀਲੰਕਾ ਭਾਵੇਂ ਹੀ ਪਿਛਲਾ ਮੈਚ ਹਾਰ ਕੇ ਦਬਾਅ 'ਚ ਹੋਵੇ ਪਰ ਇਸ ਟੀਮ ਨੂੰ ਹਲਕੇ ਵਿਚ ਲੈਣ ਦੀ ਸਜ਼ਾ ਭਾਰਤ ਭੁਗਤ ਚੁੱਕਾ ਹੈ। ਸ਼੍ਰੀਲੰਕਾ ਦੀ ਨੌਜਵਾਨ ਟੀਮ ਨੇ ਪਿਛਲੀ ਸੀਰੀਜ਼ ਦੇ ਪਹਿਲੇ ਹੀ ਮੁਕਾਬਲੇ ਵਿਚ ਭਾਰਤ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ। ਹਾਲਾਂਕਿ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਸ਼੍ਰੀਲੰਕਾਈ ਟੀਮ ਨੂੰ ਉਸ ਦੇ ਸਟਾਰ ਤੇਜ਼ ਗੇਂਦਬਾਜ਼ ਤੇ ਕਪਤਾਨ ਲਸਿਥ ਮਲਿੰਗਾ ਦੇ ਗੋਡੇ 'ਚ ਸੱਟ ਨਾਲ ਝਟਕਾ ਲੱਗਾ ਹੈ, ਜਿਸ ਦਾ ਬਾਕੀ ਟੂਰਨਾਮੈਂਟ 'ਚ ਖੇਡਣਾ ਸ਼ੱਕੀ ਹੈ।
 

ਸ਼੍ਰੀਲੰਕਾਈ ਟੀਮ ਵਿਚ ਐਂਜਲੋ ਮੈਥਿਊਜ਼, ਤਿਲਕਰਤਨੇ ਦਿਲਸ਼ਾਨ, ਦਿਨੇਸ਼ ਚਾਂਦੀਮਲ ਦੇ ਰੂਪ ਵਿਚ ਚੰਗੇ ਤਜਰਬੇਕਾਰ ਬੱਲੇਬਾਜ਼ ਹਨ, ਜਦਕਿ ਗੇਂਦਬਾਜ਼ਾਂ ਵਿਚ ਨੁਵਾਨ ਕੁਲਸ਼ੇਖਰਾ, ਤਿਸ਼ਾਰਾ ਪਰੇਰਾ, ਦਸ਼ਮੰਤਾ ਚਮੀਰਾ ਅਹਿਮ ਹਨ ਤੇ ਭਾਰਤੀ ਬੱਲੇਬਾਜ਼ਾਂ ਲਈ ਖਤਰਾ ਬਣ ਸਕਦੇ ਹਨ। ਅਜਿਹੇ ਵਿਚ ਸ਼੍ਰੀਲੰਕਾ ਵਿਰੁੱਧ ਭਾਰਤ ਨੂੰ ਇਕ ਵਾਰ ਫਿਰ ਵਾਧੂ ਚੌਕਸੀ ਵਰਤਣੀ ਹੋਵੇਗੀ।
 

ਟੀਮਾਂ ਇਸ ਤਰ੍ਹਾਂ ਹਨ 

ਭਾਰਤ : ਮਹਿੰਦਰ ਸਿੰਘ ਧੋਨੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੁਰੇਸ਼ ਰੈਨਾ, ਯੁਵਰਾਜ ਸਿੰਘ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਆਸ਼ੀਸ਼ ਨਹਿਰਾ, ਜਸਪ੍ਰੀਤ ਬੁਮਰਾਹ, ਅਜਿੰਕਯ ਰਹਾਨੇ, ਪਾਰਥਿਵ ਪਟੇਲ, ਭੁਵਨੇਸ਼ਵਰ ਕੁਮਾਰ ਤੇ ਹਰਭਜਨ ਸਿੰਘ।
 

ਸ਼੍ਰੀਲੰਕਾ : ਲਸਿਥ ਮਲਿੰਗਾ (ਕਪਤਾਨ), ਤਿਲਕਰਤਨੇ ਦਿਲਸ਼ਾਨ, ਦਿਨੇਸ਼ ਚਾਂਦੀਮਲ, ਸ਼ੇਹਾਨ ਜੈਸੂਰੀਆ, ਐਂਜਲੋ ਮੈਥਿਊਜ਼, ਚਮਾਰਾ ਕਾਪੂਗੇਦਰਾ, ਨੁਵਾਨ ਕੁਲਸ਼ੇਕਰਾ, ਦਾਸੁਨ ਚਨਾਕਾ, ਦੁਸ਼ਮੰਤ ਚਮੀਰਾ, ਮਿਲਿੰਦ ਸ਼੍ਰੀਵਰਧਨੇ, ਰੰਗਨਾ ਹੇਰਾਥ, ਨਿਰੋਸ਼ਨ ਡਿਕਵੇਲਾ, ਤਿਸ਼ਾਰਾ ਪਰੇਰਾ, ਜੈਫ੍ਰੀ ਵਾਂਦਰਸੇ ਤੇ ਸਚਿੱਤਰਾ ਸੇਨਾਨਾਇਕੇ।