ਬਾਰਸੀਲੋਨਾ ਨੇ ਕੀਤੀ ਲਗਾਤਾਰ ਜਿੱਤਾਂ ਦੇ ਰਿਕਾਰਡ ਦੀ ਬਰਾਬਰੀ

Global News

ਮੈਡ੍ਰਿਡ— ਬਾਰਸੀਲੋਨਾ ਨੇ ਪਿੱਛੜਨ ਦੇ ਬਾਵਜੂਦ ਸ਼ਾਨਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਸਪੈਨਿਸ਼ ਫੁੱਟਬਾਲ ਲੀਗ 'ਲਾ ਲੀਗਾ' 'ਚ ਸੇਵਿਲਾ ਨੂੰ 2-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਉਸ ਨੇ ਸ਼ਿਖਰ 'ਤੇ ਅੱਠ ਅੰਕਾਂ ਦੀ ਬੜ੍ਹਤ ਬਣਾਉਣ ਨਾਲ ਸਾਰੀਆਂ ਚੈਂਪੀਅਨਸ਼ਿਪਾਂ 'ਚ 34 ਮੈਚਾਂ 'ਚ ਅਜੇਤੂ ਰਹਿਣ ਦੇ ਸਪੈਨਿਸ਼ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ।


ਬਾਰਸੀਲੋਨਾ ਨੂੰ ਪਿਛਲੀ ਹਾਰ ਅਕਤੂਬਰ 'ਚ ਸੇਵਿਲਾ ਖਿਲਾਫ ਹੀ ਸਹਿਣੀ ਪਈ ਸੀ। ਸੇਵਿਲਾ ਨੇ ਵਿਟੋਲੋ (20ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ 1-0 ਦੀ ਬੜ੍ਹਤ ਬਣਾਈ। ਉਸ ਦੀ ਇਹ ਬੜ੍ਹਤ 11 ਮਿੰਟਾਂ ਤਕ ਹੀ ਰਹੀ। ਬਾਰਸੀਲੋਨਾ ਦੇ ਸਟਾਰ ਸਟਰਾਈਕਰ ਲਿਓਨ ਮੈਸੀ ਨੇ 31ਵੇਂ ਮਿੰਟ 'ਚ ਫ੍ਰੀ ਕਿੱਕ 'ਤੇ ਗੋਲ ਕਰਕੇ ਟੀਮ ਨੂੰ 1-1 ਦੀ ਬਰਾਬਰੀ ਦਿਵਾ ਦਿੱਤੀ। ਪਹਿਲੇ ਹਾਫ ਤਕ ਸਕੋਰ ਇਕ-ਇਕ ਦੀ ਬਰਾਬਰੀ 'ਤੇ ਰਿਹਾ।

 

ਦੂਜੇ ਹਾਫ ਦੀ ਸ਼ੁਰੂਆਤ ਤੋਂ ਹੀ ਬਾਰਸੀਲੋਨਾ ਨੇ ਹਮਲੇ ਤੇਜ਼ ਕਰ ਦਿੱਤੇ। 48ਵੇਂ ਮਿੰਟ 'ਚ ਗੇਰਾਰਡ ਪਿਕ ਨੇ ਸ਼ਾਨਦਾਰ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ, ਜੋ ਕਿ ਨਿਰਣਾਇਕ ਸਾਬਤ ਹੋਈ। ਇਸ ਦੇ ਨਾਲ ਹੀ ਲੂਈਸ ਐਨਰਿਕ ਦੀ ਟੀਮ ਨੇ 1988-89 ਸੈਸ਼ਨ 'ਚ ਰੀਅਲ ਮੈਡ੍ਰਿਡ ਦੇ 28 ਸਾਲ ਪਹਿਲਾਂ ਕੀਤੇ ਰਿਕਾਰਡ ਪ੍ਰਦਰਸ਼ਨ ਦੀ ਬਰਾਬਰੀ ਕੀਤੀ।