ਹੈਤੀ ਵਿਚ ਹੜ੍ਹ, 1 ਵਿਅਕਤੀ ਦੀ ਮੌਤ, 4 ਲਾਪਤਾ

Global News

ਪੋਰਟ ਓ ਪ੍ਰਿੰਸ— ਹੈਤੀ ਵਿੱਚ ਆਏ ਹੜ੍ਹ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਹੋਰ 4 ਵਿਅਕਤੀ ਲਾਪਤਾ ਹੋ ਚੁੱਕੇ ਹਨ। ਇਸ ਬੇਹੱਦ ਗਰੀਬ ਕੈਰੇਬਿਆਈ ਦੇਸ਼ ਵਿਚ ਹੜ੍ਹ ਕਾਰਨ ਘੱਟੋ-ਘੱਟ 9600 ਘਰ ਪਾਣੀ ਵਿਚ ਡੁੱਬ ਗਏ ਹਨ। ਐਤਵਾਰ ਨੂੰ ਭਾਰੀ ਮੀਂਹ ਕਾਰਨ ਇੱਥੇ ਹੜ੍ਹ ਆ ਗਿਆ। ਨਾਗਰਿਕ ਸੁਰੱਖਿਆ ਵਿਭਾਗ ਦੇ ਬੁਲਾਰੇ ਅਡਲਰ ਸੇਲੇਸਟੀਨ ਨੇ ਕੱਲ੍ਹ ਦੱਸਿਆ ਕਿ ਗ੍ਰਾਂਡ ਐਂਸੇ ਵਿਚ ਇਕ ਨਦੀ ਨੂੰ ਪਾਰ ਕਰਦੇ ਸਮੇਂ ਇਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਦੇ ਨਾਲ ਇਕ ਹੋਰ ਵਿਅਕਤੀ ਸੀ ਜੋ ਕਿ ਲਾਪਤਾ ਹੈ।

 

ਇਸ ਖੇਤਰ ਤੋਂ 3 ਮਛੇਰਿਆਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ। ਕੈਪ ਹੈਤੀਨ ਵਿਚ ਭਾਰੀ ਮੀਂਹ ਕਾਰਨ 8100 ਘਰ ਪਾਣੀ ਵਿਚ ਡੁੱਬ ਗਏ ਹਨ। ਖੇਤਰੀ ਨਾਗਰਿਕ ਸੁਰੱਖਿਆ ਇਕਾਈ ਦੇ ਬੁਲਾਰੇ ਬਰਨਾਡੀਨ ਫਰਾਂਸਿਸਕੇ ਨੇ ਦੱਸਿਆ ਹੈ ਕਿ ਲਿਮੋਨਾਦੇ ਭਾਈਚਾਰੇ ਵਿਚ 1530 ਮਕਾਨ ਡੁੱਬ ਗਏ ਹਨ। ਲੋਕਾਂ ਲਈ ਐਂਮਰਜੈਂਸੀ ਯੋਜਨਾ ਤਿਆਰ ਨਹੀਂ ਕੀਤੀ ਗਈ ਜਿਸ ਕਾਰਨ ਲੋਕਾਂ ਨੂੰ ਹੁਣ ਕਿਸੇ ਹੋਰ ਥਾਂ 'ਤੇ ਪਨਾਹ ਲੈਣੀ ਪਵੇਗੀ।