ਬਾਲਾ ਸਾਹਿਬ ਹਸਪਤਾਲ ਮਾਮਲੇ ''ਚ ਸਰਨਾ ਦੀਆਂ ਮੁਸ਼ਕਿਲਾਂ ਵਧੀਆਂ

Global News

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਕਮੇਟੀ ਦੇ ਬਾਲਾ ਸਾਹਿਬ ਹਸਪਤਾਲ ਨੂੰ ਨਿੱਜੀ ਹੱਥਾਂ 'ਚ ਦੇਣ ਦੇ ਮਸਲੇ ਕਾਰਨ ਕਾਨੂੰਨੀ ਸ਼ਿਕੰਜੇ 'ਚ ਫੱਸਦੇ ਨਜ਼ਰ ਆ ਰਹੇ ਹਨ। ਆਪਣੇ ਪ੍ਰਧਾਨਗੀ ਕਾਲ ਦੌਰਾਨ ਸਰਨਾ ਵਲੋਂ ਹਸਪਤਾਲ ਦਾ ਮਨੀਪਾਲ ਹੈਲਥ ਕੇਅਰ ਨਾਲ ਕਰਾਰ ਕੀਤੇ ਜਾਣ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਦੀ ਸ਼ਿਕਾਇਤ ਤੇ ਸਾਕੇਤ ਕੋਰਟ ਦੇ ਆਦੇਸ਼ 'ਤੇ 18 ਫਰਵਰੀ 2012 ਨੂੰ ਦਿੱਲੀ ਦੇ ਸਨਲਾਈਟ ਕਾਲੋਨੀ ਥਾਣੇ ਵਿਖੇ ਕੌਮ ਦੀ ਜਾਇਦਾਦ ਨੂੰ ਆਪਣੀ ਨਿੱਜੀ ਮੁਫਾਦ ਲਈ ਦੁਰਵਰਤੋਂ ਕਰਨ ਦੇ ਦੋਸ਼ ਵਿਚ ਸਰਨਾ 'ਤੇ ਮੁਕੱਦਮਾ ਦਰਜ ਹੋਇਆ ਸੀ।
 

ਬੀਤੇ 4 ਸਾਲਾਂ ਦੌਰਾਨ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਜਾਂਚ 'ਚ ਵਰਤੀ ਗਈ ਢਿੱਲ ਕਰਕੇ ਸਰਨਾ ਲਗਾਤਾਰ ਕਾਨੂੰਨੀ ਸ਼ਿਕੰਜੇ ਤੋਂ ਬੱਚਦੇ ਨਜ਼ਰ ਆ ਰਹੇ ਸਨ। ਸ਼ਿਕਾਇਤਕਰਤਾ ਭੋਗਲ ਵਲੋਂ ਇਸ ਮਸਲੇ 'ਤੇ ਦੱਖਣ-ਪੂਰਬੀ ਜ਼ਿਲੇ ਦੀ ਸਾਕੇਤ ਕੋਰਟ ਦੇ ਚੀਫ ਮੈਟਰੋਪਾਲੀਟਨ ਮੈਜਿਸਟ੍ਰੇਟ ਸਤੀਸ਼ ਕੁਮਾਰ ਅਰੋੜਾ ਕੋਲ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਡੀ. ਸੀ. ਪੀ. ਨੂੰ ਇਸ ਮਸਲੇ ਦੀ ਸਟੇਟਸ ਰਿਪੋਰਟ ਕੋਰਟ ਵਿਚ ਦਾਖਲ ਕਰਨ ਦੀ ਮੰਗ ਕਰਦੀ ਪਟੀਸ਼ਨ ਦਾਖਲ ਕੀਤੀ ਗਈ ਸੀ. ਜਿਸ 'ਤੇ ਸੁਣਵਾਈ ਕਰਦਿਆਂ ਅਦਾਲਤ ਵਲੋਂ ਇਸ ਮਸਲੇ 'ਚ ਹੋਈ ਦੇਰੀ ਨੂੰ ਆਧਾਰ ਬਣਾਉਂਦੇ ਹੋਏ ਡੀ. ਸੀ. ਪੀ. ਨੂੰ 17 ਮਾਰਚ 2016 ਦੁਪਹਿਰ 2 ਵਜੇ ਤਕ ਸਟੇਟਸ ਰਿਪੋਰਟ ਜਾਂਚ ਅਧਿਕਾਰੀ ਦੀ ਮੌਜੂਦਗੀ ਤੇ ਕੇਸ ਡਾਇਰੀ ਨਾਲ ਦਾਖਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।
 

ਇਸ ਮਸਲੇ 'ਤੇ ਆਪਣਾ ਪੱਖ ਰੱਖਦਿਆਂ ਦਿੱਲੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਸਰਨਾ ਵਲੋਂ ਬਿਨਾਂ ਸੰਗਤਾਂ ਦੀ ਰਾਏ ਲਏ ਕੌਮ ਦੀ ਜਾਇਦਾਦ ਨੂੰ ਨਿੱਜੀ ਹੱਥਾਂ ਵਿਚ ਸੌਂਪਣ ਦੇ ਕਾਰਨ ਕਥਿਤ ਤੌਰ 'ਤੇ ਵੱਡਾ ਮਾਲੀ ਘਾਲਾ-ਮਾਲਾ ਹੋਣ ਦਾ ਵੀ ਖਦਸ਼ਾ ਜਤਾਇਆ ਹੈ। ਜੌਲੀ ਨੇ ਦੋਸ਼ ਲਗਾਇਆ ਕਿ ਸਰਨਾ ਨੇ ਯੂ. ਪੀ. ਏ. ਸਰਕਾਰ ਦੌਰਾਨ ਇਸ ਮਸਲੇ 'ਤੇ ਕਾਨੂੰਨੀ ਕਾਰਵਾਹੀ ਨੂੰ ਰੋਕਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਸੀ ਪਰ ਸਬੂਤਾਂ ਤੇ ਤੱਥਾਂ ਦੇ ਆਧਾਰ 'ਤੇ ਕੋਰਟ ਦੇ ਆਦੇਸ਼ 'ਤੇ ਦਰਜ ਹੋਏ ਠੱਗੀ ਤੇ ਜਾਅਲਸਾਜ਼ੀ ਦੇ ਉਕਤ ਮੁਕੱਦਮੇ 'ਚ ਕੌਮ ਨੂੰ ਹੁਣ ਇਨਸਾਫ਼ ਮਿਲਣ ਦੀ ਉਮੀਦ ਜਾਗ ਗਈ ਹੈ।