ਕੈਨੇਡਾ ''ਚ ਅੱਤਵਾਦ ਦੇ ਦੋਸ਼ ''ਚ ਨਾਗਰਿਕਤਾ ਰੱਦ ਨਹੀਂ ਹੋਵੇਗੀ

Global News

ਕੈਲਗਰੀ— ਇੰਮੀਗਰੇਸ਼ਨ ਮੰਤਰੀ ਜੌਹਨ ਮੈਕਲਮ ਨੇ ਸਦਨ 'ਚ ਇਕ ਬਿੱਲ ਪੇਸ਼ ਕੀਤਾ ਹੈ। ਲਿਬਰਲ ਸਰਕਾਰ ਨੇ ਪਿਛਲੀ ਸਰਕਾਰ ਵਲੋਂ ਅੱਤਵਾਦ ਦੇ ਦੋਸ਼ਾਂ ਤਹਿਤ ਕੈਨੇਡੀਅਨ ਨਾਗਰਿਕਤਾ ਰੱਦ ਕਰ ਦੇਣ ਸਬੰਧੀ ਕੀਤੀ ਵਿਵਸਥਾ ਨੂੰ ਖਤਮ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਪ੍ਰਵਾਸੀਆਂ ਨੂੰ ਬਹੁਤ ਰਾਹਤ ਮਿਲੇਗੀ । ਇਸ ਬਿੱਲ ਦੇ ਪਾਸ ਹੋਣ ਨਾਲ ਅੱਤਵਾਦ ਅਤੇ ਹੋਰ ਅਪਰਾਧਾਂ ਨੂੰ ਨਾਗਰਿਕਤਾ ਖ਼ਤਮ ਕਰਨ ਦਾ ਆਧਾਰ ਨਹੀਂ ਮੰਨਿਆ ਜਾਵੇਗਾ। ਬਿੱਲ ਪਾਸ ਹੋਣ ਨਾਲ ਉਨ੍ਹਾਂ ਸਾਰੇ ਵਿਅਕਤੀਆਂ ਦੀ ਨਾਗਰਿਕਤਾ ਵੀ ਬਹਾਲ ਹੋ ਜਾਵੇਗੀ, ਜਿਨ੍ਹਾਂ ਦੀ ਨਾਗਰਿਕਤਾ 'ਤੇ ਇਸ ਵਿਵਸਥਾ ਦਾ ਅਸਰ ਪਿਆ ਸੀ।


ਮੈਕਲਮ ਨੇ ਬਿੱਲ ਪੇਸ਼ ਕਰਦਿਆਂ ਕਿਹਾ ਕਿ ਕਾਨੂੰਨ ਤਹਿਤ ਸਾਰੇ ਸ਼ਹਿਰੀ ਬਰਾਬਰ ਹਨ, ਭਾਵੇਂ ਉਹ ਕੈਨੇਡਾ 'ਚ ਪੈਦਾ ਹੋਏ ਹੋਣ ਜਾਂ ਕੈਨੇਡਾ ਆ ਕੇ ਵੱਸੇ ਹੋਣ ਜਾਂ ਦੋਹਰੀ ਨਾਗਰਕਿਤਾ ਰੱਖਦੇ ਹੋਣ। ਇਸ ਬਿੱਲ 'ਚ ਨਾਗਰਿਕਤਾ ਲੈਣ ਲਈ ਕੈਨੇਡਾ 'ਚ ਬਿਤਾਏ ਸਮੇਂ ਨੂੰ ਵੀ ਘਟਾਉਣ ਦੀ ਮੰਗ ਹੈ। ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਦੇ ਆਗੂ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੱਤਾ 'ਚ ਆਉਣ 'ਤੇ ਕੰਜਰਵੇਟਿਵ ਸਰਕਾਰ ਵਲੋਂ ਅੱਤਵਾਦ ਨੂੰ ਨਾਗਰਿਕਤਾ ਨਾਲ ਜੋੜੇ ਜਾਣ ਦਾ ਵਿਰੋਧ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਇਸ ਵਿਵਾਦਤ ਵਿਵਸਥਾ ਨੂੰ ਖਤਮ ਕਰ ਦਿੱਤਾ ਜਾਵੇਗਾ ।