ਬਰੈਂਪਟਨ ਸਿਟੀ ਕੌਂਸਲ ਵਲੋਂ ਊਬਰ ਟੈਕਸੀ ''ਤੇ ਪਾਬੰਧੀ ਲਈ ਮਤਾ ਪਾਸ

Global News

ਟੋਰਾਂਟੋ (ਹੀਰਾ ਰੰਧਾਵਾ)— ਬੀਤੇ ਰੋਜ਼ ਜੀਟੀਏ ਦੇ ਸ਼ਹਿਰ ਬਰੈਂਪਟਨ ਦੀ ਸਿਟੀ ਕੌਂਸਲ ਵਲੋਂ ਸਰਬਸੰਮਤੀ ਨਾਲ ਊਬਰ-ਐਕਸ ਵਰਗੀਆਂ ਰਾਈਡ ਸ਼ੇਅਰਿੰਗ ਕੰਪਨੀਆਂ 'ਤੇ ਅਗਲੇ ਫੈਸਲੇ ਤੱਕ ਵਕਤੀ ਤੌਰ 'ਤੇ ਪਾਬੰਦੀ ਲਈ ਮਤਾ ਪਾਸ ਕਰ ਦਿੱਤਾ।ਇਹ ਮਤਾ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਲਿਆਂਦਾ ਗਿਆ ਸੀ, ਜਿਸ ਦਾ ਕਿਸੇ ਵੀ ਕੌਂਸਲ ਮੈਂਬਰ ਨੇ ਵਿਰੋਧ ਨਹੀਂ ਸੀ ਕੀਤਾ।ਇਸ ਮਤੇ 'ਤੇ ਹੋਣ ਵਾਲੀ ਬਹਿਸ ਨੂੰ ਸੁਣਨ ਅਤੇ ਹੋਣ ਵਾਲੀ ਵੋਟਿੰਗ ਦਾ ਨਤੀਜਾ ਜਾਨਣ ਲਈ ਵੱਡੀ ਗਿਣਤੀ 'ਚ ਸਿਟੀ ਦੇ ਲਾਇਸੈਂਸਧਾਰੀ ਟੈਕਸੀ ਡਰਾਈਵਰ ਚੈਂਬਰ 'ਚ ਮੌਜੂਦ ਸਨ, ਜਿਨ੍ਹਾਂ ਨੇ ਫੈਸਲੇ ਦੇ ਐਲਾਨ ਮੌਕੇ ਤਾੜੀਆਂ ਅਤੇ ਉੱਚੀਆਂ ਆਵਾਜ਼ਾਂ ਕੱਸ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮਤੇ ਦੇ ਪਾਸ ਹੋਣ ਨੂੰ ਸ੍ਰੀ ਢਿਲੋਂ ਨੇ ਬਰੈਂਪਟਨ ਵਾਸੀਆਂ ਦੀ ਜਿੱਤ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੀ ਜ਼ਮਾਨਤ ਵਜੋਂ ਇਹ ਫੈਸਲਾ ਸ਼ਲਾਘਾਯੋਗ ਹੈ।ਯਾਦ ਰਹੇ ਕਿ ਇਸ ਫੈਸਲੇ ਅਨੁਸਾਰ ਸਿਟੀ ਦੇ ਬਾਈਲਾਅਜ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਰਾਈਡ ਸ਼ੇਅਰਿੰਗ ਕੰਪਨੀ ਦੇ ਡਰਾਈਵਰ ਨੂੰ 5000 ਡਾਲਰ ਦਾ ਜੁਰਮਾਨਾ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਫੈਡਰਲ ਤੇ ਪ੍ਰਵਿੰਸ਼ੀਅਲ ਸਰਕਾਰਾਂ ਵਲੋਂ ਸ਼ਹਿਰ ਦੀਆਂ ਮਿਊਂਸਪੈਲਟੀਆਂ ਨੂੰ ਆਪਣੇ ਬਾਈਲਾਅ ਖ਼ੁਦ ਲਾਗੂ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਹੈ।ਕੌਂਸਲ ਦੇ ਫੈਸਲੇ ਮਗਰੋਂ ਇਹ ਮਤਾ ਹੁਣ ਟੈਕਸੀ ਐਡਵਾਈਜ਼ਰੀ ਕਮੇਟੀ ਅਤੇ ਸਿਟੀ ਸਟਾਫ਼ ਕੋਲ ਲਾਗੂ ਕਰਨ ਲਈ ਭੇਜਿਆ ਜਾਵੇਗਾ।
 

ਜ਼ਿਕਰਯੋਗ ਹੈ ਕਿ ਟੈਕਸ ਉਦਯੋਗ ਨਾਲ ਕੈਨੇਡਾ ਦੇ ਹਜ਼ਾਰਾਂ ਡਰਾਈਵਰ ਤੇ ਟੈਕਸੀ ਮਾਲਿਕ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਹੀ ਇਸ ਕਾਰੋਬਾਰ ਤੋਂ ਚੱਲਦੀ ਹੈ ਅਤੇ ਇਨ੍ਹਾਂ ਵਿਚੋਂ ਬਹੁਗਿਣਤੀ ਪੰਜਾਬੀ ਲੋਕਾਂ ਦੀ ਹੈ। ਲੋਕਾਂ ਦੀ ਇਹ ਮੰਗ ਹੈ ਕਿ ਟੋਰਾਂਟੋ ਤੇ ਮਿਸੀਸਾਅਗਾ ਵਰਗੇ ਸ਼ਹਿਰਾਂ ਨੂੰ ਵੀ ਇਸੇ ਤਰਜ਼ 'ਤੇ ਫੈਸਲੇ ਕਰਨੇ ਚਾਹੀਦੇ ਹਨ ਤਾਂ ਜੋ ਟੈਕਸੀ ਉਦਯੋਗ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਊਬਰ ਟੈਕਸੀ ਦੇ ਦੋ ਡਰਾਈਵਰਾਂ ਨੂੰ ਗੈਰ-ਕਾਨੂੰਨੀ ਤੇ ਸਵਾਰੀਆਂ ਚੁੱਕਣ ਮੌਕੇ 5000 ਡਾਲਰ ਦੇ ਜੁਰਮਾਨੇ ਨਾਲ ਚਾਰਜ ਕੀਤਾ ਗਿਆ ਹੈ।