ਸਖਤ ਮਿਹਨਤ ਕਰਕੇ ਜੋੜੇ ਪੈਸੇ, ਕੀਤਾ ਹੈਲੀਕਾਪਟਰ ''ਤੇ ਲਾੜੀ ਨੂੰ ਲਿਆਉਣ ਦਾ ਸੁਪਨਾ ਪੂਰਾ

Global News

ਸ਼ਿਯਾਰਪੁਰ— ਵਿਆਹ ਦਾ ਰਿਸ਼ਤਾ ਇਕ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਵਿਆਹ ਨੂੰ ਲੈ ਕੇ ਲੜਕੇ ਅਤੇ ਲੜਕੀ ਨੇ ਕਈ ਸੁਪਨੇ ਸਜਾਏ ਹੁੰਦੇ ਹਨ, ਜਿਨ੍ਹਾਂ ਉਹ ਪੂਰੇ ਕਰਦੇ ਹਨ। ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਅਜਿਹਾ ਹੀ ਇਕ ਮਾਮਲਾ ਹਰਿਆਣਾ 'ਚ ਦੇਖਣ ਨੂੰ ਮਿਲਿਆ, ਜਿੱਥੇ ਇਥੋਂ ਦੇ ਪਿੰਡ ਜਲਾਲਣਾ (ਸਿਰਸਾ) ਦੇ ਰਹਿਣ ਵਾਲੇ ਐੱਨ. ਆਰ. ਆਈ.  ਜਸਕਰਨ ਨੇ ਸ਼ੁੱਕਰਵਾਰ ਨੂੰ ਸ਼ਾਹੀ ਅੰਦਾਜ਼ 'ਚ ਹੈਲੀਕਾਪਟਰ 'ਚ ਬਾਰਾਤ ਲਿਆ ਕੇ ਹੁਸ਼ਿਆਰਪੁਰ ਦੇ ਪਿੰਡ ਰਾਮਪੁਰ ਬਿਰੜੋਂ ਦੀ ਰਹਿਣ ਵਾਲੀ ਜਸਰੀਤ ਨੂੰ ਜੀਵਨ ਸਾਥੀ ਬਣਾਇਆ। ਵਿਆਹ ਦੀਆਂ ਰਸਮਾਂ ਨਵਾਂ ਸ਼ਹਿਰ ਦੇ ਨੇੜੇ ਪਿੰਡ ਸੈਲਾ ਸਥਿਤ ਪੈਲੇਸ 'ਚ ਪੂਰੀਆਂ ਹੋਈਆਂ। 


ਦੱਸਿਆ ਜਾ ਰਿਹਾ ਹੈ ਕਿ ਲਾੜੇ ਸਮੇਤ ਉਸ ਦੇ ਭਰਾ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਪਰਿਵਾਰ ਦੀ ਲਾੜੀ ਹੈਲੀਕਾਪਟਰ 'ਤੇ ਆਵੇ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਆਸਟ੍ਰੇਲੀਆ 'ਚ ਸਖਤ ਮਿਹਨਤ ਕਰਕੇ ਪੈਸਾ ਇਕੱਠਾ ਕੀਤਾ ਅਤੇ ਭਰਾ ਸਮੇਤ ਖੁਦ ਦੇ ਸੁਪਨੇ ਨੂੰ ਸਾਕਾਰ ਕੀਤਾ। ਲਾੜੇ ਨੇ ਕਿਹਾ ਕਿ ਇਸ ਸੰਸਾਰ 'ਚ ਅਸੀਂ ਸਾਰੇ ਮੁਸਾਫਿਰ ਹਾਂ। ਅਜਿਹੇ 'ਚ ਕਮਾਈ ਕਰਕੇ ਪੈਸੇ ਨਾਲ ਸਾਨੂੰ ਆਪਣੇ ਸ਼ੌਂਕ ਪੂਰੇ ਕਰਨੇ ਚਾਹੀਦੇ ਹਨ। ਸ਼ਾਮ ਨੂੰ ਲਾੜਾ ਰਿਸ਼ਤੇਦਾਰਾਂ ਨਾਲ ਲਾੜੀ ਨੂੰ ਲੈ ਕੇ ਹੈਲੀਕਾਪਟਰ ਤੋਂ ਸਿਰਸਾ ਲਈ ਰਵਾਨਾ ਹੋ ਗਿਆ ਪਰ ਲੋਕਾਂ 'ਚ ਵਿਆਹ ਦੇ ਚਰਚੇ ਚਲਦੇ ਰਹੇ। 


ਏਅਰ ਲਾਜਿਕ ਕੰਪਨੀ ਦੇ ਡਾਇਰੈਕਟਰ ਕੈਪਟਨ ਮਨੀਸ਼ ਧੀਮਾਨ ਨੂੰ ਕੁਝ ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਬਦਲਣਾ ਪਿਆ, ਜਿਸ ਦੇ ਚਲਦਿਆਂ ਸ਼ੈੱਡਿਊਲ ਕਰੀਬ ਡੇਢ-ਦੋ ਘੰਟੇ ਲੇਟ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਬਾਰਾਤ ਪਿੰਡ ਸੈਲਾ 'ਚ ਜਾਣੀ ਸੀ ਪਰ ਪਿੰਡ 'ਚ ਕਿਤੇ ਵੀ ਹੈਲੀਕਾਪਟਰ ਉਤਾਰਣ ਲਈ ਇਜਾਜ਼ਤ ਨਾ ਮਿਲ ਸਕੀ ਅਤੇ ਸਹੀ ਥਾਂ ਵੀ ਨਾ ਮਿਲ ਸਕੀ, ਜਿਸ ਦੇ ਚਲਦਿਆਂ ਲਾੜੇ ਨੂੰ ਇਥੇ ਨਵਾਂ ਸ਼ਹਿਰ ਦੇ ਦੋਆਬਾ ਆਰਿਆ ਸਕੂਲ ਦੇ ਮੈਦਾਨ 'ਚ ਹੈਲੀਪੈਡ ਬਣਾ ਕੇ ਉਤਾਰਨਾ ਪਿਆ ਅਤੇ ਇਥੋਂ ਹੀ ਵਾਪਸ ਗਿਆ।