ਸ਼ੁਰੂ 'ਚ ਜੇਲ ਦੇ ਕੱਪੜੇ ਨਹੀਂ ਪਾਉਣਾ ਚਾਹੁੰਦਾ ਸੀ ਸੰਜੈ ਦੱਤ !

Global News

ਪੁਣੇ : ਮੁੰਬਈ ਬੰਬ ਵਿਸਫੋਟ ਮਾਮਲੇ 'ਚ ਸਜ਼ਾ ਪਾਉਣ ਤੋਂ ਬਾਅਦ ਮੁੰਬਈ ਦੇ ਆਰਥਰ ਰੋਡ ਜੇਲ 'ਚ ਬੰਦ ਰਹਿਣ ਦੌਰਾਨ ਅਦਾਕਾਰ  ਸੰਜੈ ਦੱਤ ਜੇਲ ਦੇ ਕੱਪੜੇ ਪਾਉਣ ਲਈ ਤਿਆਰ ਨਹੀਂ ਸਨ ਅਤੇ ਜਦੋਂ ਉਨ੍ਹਾਂ ਨੂੰ ਇਸ ਦੇ ਲਈ ਸਖਤੀ ਵਰਤੀ ਗਈ ਤਾਂ ਉਨ੍ਹਾਂ ਨੇ ਇਸ ਨਿਯਮ ਨੂੰ ਅਪਣਾਇਆ। ਜੇਲ ਦੇ ਉਪ ਮਹਾਨਿਰੀਖਕ ਸਵਾਤੀ ਸਾਠੇ ਨੇ ਦੱਸਿਆ ਕਿ ਅਦਾਕਾਰ ਸੰਜੈ ਦੱਤ ਨੇ ਜੇਲ 'ਚ ਉਸੀ ਰੁਟੀਨ ਦਾ ਪਾਲਣ ਕੀਤਾ, ਜਿਵੇਂ ਬਾਕੀ ਕੈਦੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਹੋਰ ਕੈਦੀ ਆਪਣੇ ਕੰਮ ਕਰਨ ਲਈ ਵਰਕ ਸ਼ੈੱਡ 'ਚ ਜਾਂਦੇ ਸਨ, ਜਦੋਂਕਿ ਸੰਜੈ ਦੱਤ ਸੁਰੱਖਿਆ ਕਾਰਨਾਂ ਕਰਕੇ ਆਪਣੇ ਹੀ ਸੈੱਲ 'ਚ ਕੰਮ ਕਰਦੇ ਸਨ। ਉਨ੍ਹਾਂ ਨੂੰ ਬਾਂਸ ਦਾ ਸਾਮਾਨ ਅਤੇ ਕਾਗਜ਼ ਦੇ ਲਿਫਾਫੇ ਬਣਾਉਣ ਦਾ ਕੰਮ ਮਿਲਿਆ ਸੀ। 
 

ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਸੰਜੈ ਦੱਤ ਦੀ ਭੈਣ ਪ੍ਰੀਆ ਦੱਤ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਇਕ ਭਾਵੁਕ ਦਿਨ ਹੈ ਅਤੇ ਉਨ੍ਹਾਂ ਨੇ ਸੰਜੈ ਦੇ ਸਵਾਗਤ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। ਪ੍ਰੀਆ ਨੇ ਕਿਹਾ ਕਿ ਕਾਸ਼, ਅੱਜ ਇਹ ਦਿਨ ਦੇਖਣ ਲਈ ਉਨ੍ਹਾਂ ਦੇ ਪਿਤਾ ਸੁਨੀਲ ਦੱਤ ਜਿਊਂਦੇ ਹੁੰਦੇ। ਜ਼ਿਕਰਯੋਗ ਹੈ ਕਿ ਅਦਾਕਾਰ ਸੰਜੈ ਦੇ ਬਾਲੀਵੁੱਡ ਦੇ ਸਹਿ-ਅਭਿਨੇਤਾ ਅਤੇ ਦੋਸਤਾਂ ਨੇ ਉਨ੍ਹਾਂ ਦੇ ਸ਼ਾਂਤੀਪੂਰਨ ਜੀਵਨ ਅਤੇ ਚੰਗੇ ਕਰੀਅਰ ਦੀ ਕਾਮਨਾ ਕੀਤੀ। ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਕਿਹਾ ਕਿ 56 ਸਾਲਾ ਸੰਜੈ ਹੋਰ ਮਜ਼ਬੂਤ ਇਨਸਾਨ ਬਣ ਕੇ ਉਭਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਹਮੇਸ਼ਾ ਉਨ੍ਹਾਂ ਦੇ ਖਤਮ ਹੋਣ ਬਾਰੇ ਲਿਖਿਆ ਪਰ ਉਹ ਹਰ ਵਾਰ ਵਾਪਸ ਆਏ ਅਤੇ ਆਪਣੇ ਕੰਮ ਤੋਂ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਸੰਜੈ ਦੱਤ ਅਤੇ ਉਨ੍ਹਾਂ  ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਫਿਲਮ ਅਦਾਕਾਰ ਸੰਜੇ ਦੱਤ ਨੇ ਜੇਲ ਵਿਚ ਕਮਾਏ ਪੈਸੇ ਅੱਜ ਜੇਲ ਤੋਂ ਛੁੱਟਣ ਮਗਰੋਂ ਇਕ ਚੰਗੇ ਪਤੀ ਵਾਂਗ ਪਤਨੀ ਮਾਨਯਤਾ ਦੱਤ ਦੇ ਹੱਥ ਵਿਚ ਰੱਖ ਦਿੱਤੇ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨੇ ਸੰਜੇ ਦੱਤ ਦੇ ਸਿਰ 'ਤੇ ਬੋਦੀ ਅਤੇ ਮੱਥੇ 'ਤੇ ਟਿੱਕਾ ਦੇਖਿਆ।