ਫੈਡਰਲ ਸਰਕਾਰ ਵਲੋਂ ਅਲਬਰਟਾ ਦੀ ਮਦਦ ਲਈ 250 ਮਿਲੀਅਨ ਡਾਲਰ ਦੇਣ ਦੀ ਯੋਜਨਾ

Global News

ਕੈਲਗਰੀ, (ਰਾਜੀਵ ਸ਼ਰਮਾ)— ਆਰਥਿਕ ਮੰਦੀ ਦੇ ਦੌਰ 'ਚੋਂ ਲੰਘ ਰਹੇ ਐਲਬਰਟਾ ਦੀ ਮਦਦ ਲਈ ਸਰਕਾਰ ਨੇ ਹੱਥ ਅੱਗੇ ਵਧਾਇਆ ਹੈ। ਫੈਡਰਲ ਸਰਕਾਰ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਵਲੋਂ ਐਲਬਰਟਾ ਦੀ ਆਰਥਿਕ ਮਦਦ ਲਈ 251.4 ਮਿਲੀਅਨ ਡਾਲਰ ਮੁਹੱਈਆ ਕਰਵਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਤੇਲ ਦੀਆਂ ਕੀਮਤਾਂ 'ਚ ਆਈ ਕਮੀ ਤੇ ਵਿੱਤੀ ਸਥਿਰਤਾ ਸਬੰਧੀ ਪ੍ਰੋਗਰਾਮ, ਜੋ ਕਿ ਪ੍ਰੋਵਿੰਸ ਦੀ ਆਮਦਨ ਦੇ ਇਕ ਤੋਂ ਦੂਜੇ ਸਾਲ ਵਿੱਚ ਜਾਂਦੇ ਸਮੇਂ ਪੰਜ ਫੀ ਸਦੀ ਤੱਕ ਘੱਟ ਜਾਣ ਉੱਤੇ ਪ੍ਰੋਵਿੰਸ ਦੀ ਮਦਦ ਕਰਦਾ ਹੈ, ਕਰਕੇ ਅਲਬਰਟਾ ਦੀ ਆਰਥਿਕ ਸਥਿਤੀ ਕਾਫੀ ਡਗਮਗਾ ਗਈ ਸੀ। ਪ੍ਰੋਗਰਾਮ ਤਹਿਤ ਪੈਸਾ ਪ੍ਰਤੀ ਵਿਅਕਤੀ ਆਮਦਨ, 60 ਡਾਲਰ ਪ੍ਰਤੀ ਵਿਅਕਤੀ, ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਜਾਂਦਾ ਹੈ।

 

ਫੈਡਰਲ ਸਰਕਾਰ ਦੀ ਅਲਬਰਟਾ ਉੱਤੇ ਮਿਹਰ ਹੋਣ ਦਾ ਪਤਾ ਪਿਛਲੇ ਮਹੀਨੇ ਹੀ ਲੱਗਿਆ ਸੀ। ਨਿਊਫਾਊਂਡਲੈਂਡ ਐਂਡ ਲੈਬਰਾਡੌਰ, ਜੋ ਕਿ ਤੇਲ ਦੀਆਂ ਕੀਮਤਾਂ ਵਿੱਚ ਆਈ ਕਮੀ ਕਾਰਨ ਆਪ ਪ੍ਰਭਾਵਿਤ ਹੋਇਆ ਹੈ, ਵੀ ਇਸ ਪੈਸੇ ਲਈ ਦਾਅਵੇਦਾਰ ਹੋ ਸਕਦਾ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਜੇ ਕੋਈ ਪ੍ਰੋਵਿੰਸ ਇਸ ਤਰ੍ਹਾਂ ਪੈਸੇ ਲਈ ਅਪਲਾਈ ਕਰਦਾ ਹੈ ਤਾਂ ਉਹ ਤੇਜ਼ੀ ਨਾਲ ਇਸ ਤਰ੍ਹਾਂ ਦੀ ਦਾਅਵੇਦਾਰੀ ਦੀ ਜਾਂਚ ਕਰਦੇ ਹਨ। ਵਿੱਤ ਮੰਤਰੀ ਬਿੱਲ ਮੌਰਨਿਊ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਕੈਨੇਡੀਅਨ ਇਸ ਗੱਲ ਦੀ ਸਾਡੇ ਤੋਂ ਉਮੀਦ ਕਰਦੇ ਹਨ ਅਸੀਂ ਮੁਸ਼ਕਲ ਘੜੀ ਵਿੱਚ ਪਰਿਵਾਰਾਂ ਦੀ ਮਦਦ ਲਈ ਰਲ ਕੇ ਕੰਮ ਕਰੀਏ।