ਦਸਤਾਰਧਾਰੀ ਸਿੱਖ ਨੂੰ ਬ੍ਰਿਟੇਨ ''ਚ ''ਨਾਈਟਹੁੱਡ ਸਨਮਾਨ'', ਪੰਜਾਬੀਆਂ ਦਾ ਸਿਰ ਹੋਇਆ ਮਾਣ ਨਾਲ ਉੱਚਾ

Global News

ਲੰਡਨ— ਬ੍ਰਿਟੇਨ ਵਿਚ ਇਕ ਵਾਰ ਫਿਰ ਇਕ ਸਿੱਖ ਨੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਕੈਂਸ ਰਿਸਰਚ ਯੂ. ਕੇ. ਦੇ ਚੇਅਰਮੈਨ ਸ: ਹਰਪਾਲ ਸਿੰਘ ਕੁਮਾਰ ਨੂੰ ਦੇਸ਼ ਦੇ ਪ੍ਰਸਿੱਧ ਐਵਾਰਡ 'ਨਾਈਟਹੁੱਡ' ਦੇ ਸਨਮਾਨ ਨਾਲ ਨਿਵਾਜ਼ਿਆ। ਇਹ ਸਨਮਾਨ ਵੀਰਵਾਰ ਨੂੰ ਬਕਿੰਘਮ ਪੈਲਸ ਵਿਚ ਇਕ ਸਨਮਾਨ ਸਮਾਗਮ ਦੌਰਾਨ ਹਰਪਾਲ ਸਿੰਘ ਨੂੰ ਭੇਂਟ ਕੀਤਾ ਗਿਆ। 

 

ਜ਼ਿਕਰਯੋਗ ਹੈ ਕਿ ਸਾਲ 2016 ਵਿਚ ਮਹਾਰਾਣੀ ਵੱਲੋਂ ਦਿੱਤੇ ਜਾਣ ਵਾਲੇ ਸਨਮਾਨਾਂ ਦੀ ਸੂਚੀ ਵਿਚ ਹਰਪਾਲ ਸਿੰਘ ਦਾ ਨਾਂ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਵੀ ਇਹ ਸਨਮਾਨ ਇਕ ਸਿੱਖ ਨੇ ਹਾਸਲ ਕੀਤਾ ਸੀ। ਬਰਤਾਨੀਆ ਦੇ ਪਹਿਲੇ ਸਿੱਖ ਜੱਜ ਸ: ਮੋਤਾ ਸਿੰਘ ਨੇ ਇਹ ਸਨਮਾਨ ਹਾਸਲ ਕੀਤਾ ਸੀ। ਹਰਪਾਲ ਸਿੰਘ ਇਹ ਸਨਮਾਨ ਲੈਣ ਵਾਲੇ ਦੂਜੇ ਦਸਤਾਰਧਾਰੀ ਸਿੱਖ ਹਨ। ਹਰਪਾਲ ਸਿੰਘ ਯੂਨੀਵਰਸਿਟੀ ਆਫ ਮਾਨਚੈਸਟਰ ਅਤੇ ਨਿਊਕਾਸਲ ਤੋਂ ਆਨਰੇਰੀ ਡਾਕਟਰੇਟ ਦੀ ਉਪਾਧੀ ਵੀ ਹਾਸਲ ਕਰ ਚੁੱਕੇ ਹਨ। ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜ਼ੀਨੀਅਰਿੰਗ ਅਤੇ ਹਾਵਰਡ ਬਿਜ਼ਨੈੱਸ ਸਕੂਲ ਤੋਂ ਐੱਮ. ਬੀ. ਏ. ਦੀ ਪੜ੍ਹਾਈ ਕਰਨ ਵਾਲੇ ਹਰਪਾਲ ਫਿਲਹਾਲ ਕੈਂਸਰ ਰਿਸਰਚ ਸੈਂਟਰ ਯੂ. ਕੇ. ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

 

ਹਰਪਾਲ ਸਿੰਘ ਕੁਮਾਰ ਯੂ. ਕੇ. ਪ੍ਰਮਾਣੂੰ ਵਿਚ ਬਤੌਰ ਵਿਗਿਆਨੀ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਕੈਂਸਰ ਰਿਸਰਚ ਟੈਕਨਾਲੌਜੀ ਨਾਲ ਉਹ 2002 ਤੋਂ ਜੁੜੇ ਹੋਏ ਹਨ। 2004 ਵਿਚ ਉਨ੍ਹਾਂ ਨੂੰ  ਕੈਂਸਰ ਰਿਸਰਚ ਯੂ. ਕੇ. ਦਾ ਚੀਫ ਆਪ੍ਰੇਸ਼ਨ ਅਧਿਕਾਰੀ ਥਾਪਿਆ ਗਿਆ ਅਤੇ ਅਪ੍ਰੈਲ 2007 ਵਿਚ ਉਹ ਇਸ ਸੰਸਥਾ ਦੇ ਮੁਖੀ ਬਣੇ।