ਕੈਨੇਡਾ ''ਚ ਕਰੇਨਬੇਰੀ ਨੇ ਲਾਏ ਪੰਜਾਬੀਆਂ ਦੀਆਂ ਉਮੀਦਾਂ ਨੂੰ ਫਲ

Global News

ਟੋਰਾਂਟੋ— ਕੈਨੇਡਾ ਵਿਚ ਕਰੇਨਬੇਰੀ ਨਾਂ ਦੇ ਫਲ ਨੇ ਉਥੋਂ ਦੇ ਵਸਨੀਕਾਂ ਦੇ ਨਾਲ-ਨਾਲ ਪੰਜਾਬੀਆਂ ਦੀਆਂ ਉਮੀਦਾਂ ਨੂੰ ਵੀ ਫਲ ਲਗਾ ਦਿੱਤੇ ਹਨ ਅਤੇ ਇਹ ਉੱਥੇ ਕਿਸਾਨਾਂ ਦੀ ਆਮਦਨ ਦਾ ਇਕ ਵਧੀਆ ਸ੍ਰੋਤ ਬਣ ਕੇ ਉੱਭਰਿਆ ਹੈ। ਕਰੇਨਬੇਰੀ ਇਕ ਸਦਾਬਹਾਰ ਵੇਲ 'ਚੋਂ ਹੁੰਦਾ ਹੈ ਅਤੇ ਇਹ ਬਲੂਬੇਰੀ ਨਾਲ ਸੰਬੰਧਤ ਹੈ। ਕੈਨੇਡਾ ਵਿਚ ਜਿੱਥੇ ਪੰਜਾਬੀ ਬਹੁ ਗਿਣਤੀ ਵਿਚ ਜਾ ਕੇ ਖੇਤੀ-ਬਾੜੀ ਦੇ ਕੰਮਾਂ ਵਿਚ ਲੱਗੇ ਹੋਏ ਹਨ, ਉਹ ਵੀ ਇਸ ਫਲ ਰਾਹੀਂ ਚੰਗੀ ਕਮਾਈ ਕਰ ਲੈਂਦੇ ਹਨ।
 

ਉੱਤਰੀ ਅਮਰੀਕਾ ਅਤੇ ਕੈਨੇਡਾ ਵਿਚ ਪੱਤਝੜ ਵਿਚ ਕਰੇਨਬੇਰੀ ਰੰਗ ਅਤੇ ਸੁਆਦ ਨਾਲ ਭਰਪੂਰ ਹੋ ਕੇ ਸਿਖਰਾਂ 'ਤੇ ਪਹੁੰਚ ਜਾਂਦੀ ਹੈ। ਇਸ ਦੀ ਵੇਲ ਪਾਣੀ ਵਿਚ ਵੱਧਦੀ-ਫੁੱਲਦੀ ਹੈ। ਇਸ ਲਈ ਇਸ ਨੂੰ ਪਾਣੀ ਵਿਚ, ਸੇਮ ਵਾਲੇ ਇਲਾਕਿਆਂ ਅਤੇ ਨਰਮ ਤੇ ਦਲਦਲੀ ਮਿੱਟੀ ਵਿਚ ਉਗਾਇਆ ਜਾ ਸਕਦਾ ਹੈ। ਪਾਣੀ ਵਾਲੀ ਮਿੱਟੀ ਵਿਚ ਪੈਦਾ ਹੋਣ ਕਰਕੇ ਇਸ ਨੂੰ 'ਵੈੱਟ' ਵੀ ਕਹਿੰਦੇ ਹਨ। 
 

ਇਸ ਦੀ ਵਾਢੀ ਲਈ ਖਾਸ ਤਰ੍ਹਾਂ ਦੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ 'ਐੱਗਬੀਟਰਸ' ਵੀ ਕਿਹਾ ਜਾਂਦਾ ਹੈ। ਇਹ ਗੁਬਾਰੇ ਦੇ ਟਾਇਰ ਵਾਲੀ ਮਸ਼ੀਨ ਹੁੰਦੀ ਹੈ ਅਤੇ ਵਾਢੀ ਦੇ ਸਮੇਂ ਵੇਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਇਸ ਮਸ਼ੀਨ ਨਾਲ ਕਰੇਨਬੇਰੀਜ਼ ਨੂੰ ਇਕੱਠਾ ਕਰਕੇ ਟਰੱਕ ਵਿਚ ਲੋਡ ਕਰ ਦਿੱਤਾ ਜਾਂਦਾ ਹੈ। ਕਰੇਨਬੇਰੀ ਦੇ ਵਾਢੀ ਦੇ ਸੀਜ਼ਨ ਵਿਚ ਇਕ ਅਦਭੁੱਤ ਨਜ਼ਾਰਾ ਬੱਝਦਾ ਹੈ। ਕਰੇਨਬੇਰੀ ਨਾਲ ਬਹੁਤ ਸਾਰੇ ਉਤਪਾਦਨ ਜਿਵੇਂ ਜੈਮ ਅਤੇ ਜੂਸ ਆਦਿ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਤਾਜ਼ਾ ਕਰੇਨਬੇਰੀ ਦੀ ਸੁਪਰ ਮਾਰਕੀਟ ਵਿਚ ਵੀ ਮੰਗ ਹੁੰਦੀ ਹੈ।