ਜੇ. ਐੱਨ. ਯੂ. ਮਾਮਲਾ : ਉਮਰ ਖਾਲਿਦ, ਅਨਿਰਬਾਨ ਨੇ ਕੀਤਾ ਸਰੰਡਰ

Global News

ਨਵੀਂ ਦਿੱਲੀ  (ਨਵੋਦਿਆ ਟਾਈਮਜ਼) - ਜੇ. ਐੱਨ. ਯੂ. ਵਿਚ ਦੇਸ਼-ਵਿਰੋਧੀ ਨਾਅਰੇਬਾਜ਼ੀ ਦੇ ਦੋਸ਼ੀਆਂ ਵਿਚੋਂ ਉਮਰ ਖਾਲਿਦ ਅਤੇ ਅਨਿਰਬਾਨ ਨੇ ਅੱਜ ਦਿੱਲੀ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਦੋਵਾਂ ਦੋਸ਼ੀਆਂ ਨੇ ਕੋਰਟ ਵਿਚ ਰਾਹਤ ਨਾ ਮਿਲਣ 'ਤੇ ਸਰੰਡਰ ਕੀਤਾ ਹੈ। ਪੁਲਸ ਇਨ੍ਹਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਬਸੰਤ ਵਿਹਾਰ ਥਾਣੇ ਲੈ ਗਈ। ਇਨ੍ਹਾਂ ਦੋਵਾਂ 'ਤੇ ਦੇਸ਼ ਧ੍ਰੋਹ ਦਾ ਦੋਸ਼ ਹੈ। ਜੇ. ਐੱਨ. ਯੂ. ਵਿਦਿਆਰਥੀ ਸੰਘ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਉਮਰ ਤੇ 4 ਹੋਰ ਵਿਦਿਆਰਥੀ ਲਾਪਤਾ ਸਨ ਪਰ ਕੁਝ ਸਮਾਂ ਪਹਿਲਾਂ ਉਹ ਕੈਂਪਸ 'ਚ ਪਰਤ ਆਏ ਸਨ। ਸਾਦੀ ਵਰਦੀ 'ਚ ਤਾਇਨਾਤ ਪੁਲਸ ਨੇ ਉਮਰ ਅਤੇ ਅਨਿਰਬਾਨ ਨੂੰ ਨੈਲਸਨ ਮੰਡੇਲਾ ਰੋਡ ਤੋਂ ਹਿਰਾਸਤ ਵਿਚ ਲੈ ਲਿਆ। 


ਇਸੇ ਦੌਰਾਨ ਹਾਈ ਕੋਰਟ ਬੁੱਧਵਾਰ ਨੂੰ ਦੋਸ਼ੀ ਵਿਦਿਆਰਥੀਆਂ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰੇਗੀ, ਜਿਸ ਵਿਚ ਉਨ੍ਹਾਂ ਨੇ ਸਰੰਡਰ ਕਰਨ ਦੌਰਾਨ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪੁਲਸ ਨੇ ਪੱਤਰਕਾਰਾਂ, ਜੇ. ਐੱਨ. ਯੂ. ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪਟਿਆਲਾ ਹਾਊਸ ਅਦਾਲਤ ਕੰਪਲੈਕਸ ਵਿਚ ਬੀਤੇ ਹਫਤੇ ਕੁੱਟਮਾਰ ਕਰਦੇ ਕੈਮਰੇ ਵਿਚ ਕੈਦ ਹੋਏ ਵਕੀਲ ਯਸ਼ਪਾਲ ਸਿੰਘ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ।