ਖੱਟੜ ਨਾਲ ਧੱਕਾ-ਮੁੱਕੀ, ਹੁੱਡਾ ''ਤੇ ਸੁੱਟੀ ਜੁੱਤੀ

Global News

ਚੰਡੀਗੜ੍ਹ -  ਜਾਟ  ਰਾਖਵੇਂਕਰਨ ਅੰਦੋਲਨ ਵਿਚ ਹੋਈ ਹਿੰਸਾ ਮਗਰੋਂ ਖੇਤਰ ਦਾ ਜਾਇਜ਼ਾ ਲੈਣ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਜਦੋਂ ਭਾਸ਼ਣ ਦੇ ਰਹੇ ਸਨ ਤਾਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਵਿਚਾਲੇ ਹੀ ਭਾਸ਼ਣ ਛੱਡਣਾ ਪਿਆ। ਇਸ ਦੌਰਾਨ ਉਨ੍ਹਾਂ ਨਾਲ ਧੱਕਾ-ਮੁੱਕੀ ਵੀ ਹੋਈ। ਸ਼੍ਰੀ ਖੱਟੜ ਹਾਲਾਤ ਦਾ ਜਾਇਜ਼ਾ ਲੈਣ ਹਿੰਸਾ ਪ੍ਰਭਾਵਿਤ ਰੋਹਤਕ ਪਹੁੰਚੇ ਤਾਂ ਉਥੇ ਹਿੰਸਾ ਪ੍ਰਭਾਵਿਤ ਭੀੜ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਅਤੇ ਉਨ੍ਹਾਂ ਦੇ ਵਿਰੋਧ ਵਿਚ ਵਿਖਾਵਾ ਕੀਤਾ। ਨਾਰਾਜ਼ ਲੋਕਾਂ ਨੇ 'ਖੱਟੜ ਵਾਪਸ ਜਾਓ' ਦੇ ਨਾਅਰੇ ਵੀ ਲਗਾਏ।  ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਭੰਨ-ਤੋੜ ਦੇ ਦੋਸ਼ੀ ਹੋਣਗੇ ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ। ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਦੰਗਾਕਾਰੀਆਂ ਅਤੇ ਸਾੜ-ਫੂਕ ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਸਰਕਾਰੀ ਅਧਿਕਾਰੀ ਅਤੇ ਪੁਲਸ ਵਾਲੇ ਇਸ ਵਿਰੋਧ ਵਿਖਾਵੇ ਦੌਰਾਨ ਡਿਊਟੀ ਨਿਭਾਉਣ ਵਿਚ ਕੋਤਾਹੀ ਵਰਤਣ ਦੇ ਦੋਸ਼ੀ ਪਾਏ ਗਏ ਜਾਣਗੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਜਿਸ ਕਿਸੇ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਸ ਦੀ ਪੂਰੀ ਪੂਰਤੀ ਹੋਵੇਗੀ, ਕੋਈ ਕੋਤਾਹੀ ਨਹੀਂ ਵਰਤੀ ਜਾਵੇਗੀ। ਜਿਥੋਂ ਤਕ ਨੌਕਰੀ ਦਾ ਸਵਾਲ ਹੈ, ਜੋ ਗਰੀਬ ਲੋਕ ਹਨ ਉਨ੍ਹਾਂ ਲਈ ਵੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇਗਾ।


ਓਧਰ ਦੂਸਰੇ ਪਾਸੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ 'ਤੇ ਰੋਹਤਕ ਵਿਚ ਜੁੱਤੀ ਸੁੱਟੀ ਗਈ। ਜਾਟ ਅੰਦੋਲਨ ਦੌਰਾਨ ਸ਼ਾਂਤੀ ਦੀ ਅਪੀਲ ਕਰਨ ਲਈ ਹੁੱਡਾ ਰੋਹਤਕ ਦੌਰੇ 'ਤੇ ਗਏ ਸਨ। ਉਹ ਧਰਨੇ 'ਤੇ ਬੈਠੇ ਕਾਰੋਬਾਰੀਆਂ ਨਾਲ ਗੱਲ ਕਰਦੇ ਹੋਏ ਸੂਬਾ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਹਾਲਾਂਕਿ ਜੁੱਤੀ ਸੁੱਟਣ ਵਾਲੇ ਦਾ ਪਤਾ ਨਹੀਂ ਲੱਗ ਸਕਿਆ।


ਹਾਲਾਂਕਿ ਹਰਿਆਣਾ ਦੇ ਹਾਲਾਤ ਹੌਲੀ-ਹੌਲੀ ਸੁਧਰ ਰਹੇ ਹਨ। ਹਿਸਾਰ, ਹਾਂਸੀ ਤੇ ਭਿਵਾਨੀ ਵਿਚ ਕਰਫਿਊ ਲੱਗਾ ਹੋਇਆ ਹੈ। ਸਭ ਤੋਂ ਵੱਧ ਪ੍ਰਭਾਵਿਤ ਰੋਹਤਕ ਜ਼ਿਲੇ ਵਿਚ 4 ਘੰਟਿਆਂ ਦੀ ਢਿੱਲ ਦਿੱਤੀ ਗਈ ਤਾਂ ਕਿ ਲੋਕ ਆਪਣੇ ਖਾਣ-ਪੀਣ ਦਾ ਸਾਮਾਨ ਖਰੀਦ ਸਕਣ।


ਜਾਟ ਅੰਦੋਲਨਕਾਰੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਸੜਕਾਂ ਤੇ ਰੇਲ ਮਾਰਗਾਂ 'ਤੇ ਕੀਤੀ ਗਈ ਨਾਕੇਬੰਦੀ ਨੂੰ ਹਟਾ ਰਹੇ ਹਨ। ਦਿੱਲੀ-ਹਿਸਾਰ ਰੇਲ ਮਾਰਗ ਤੋਂ ਨਾਕੇਬੰਦੀ ਹਟਾ ਲਈ ਗਈ ਹੈ। ਪਾਣੀਪਤ ਤਕ ਮਹੱਤਵਪੂਰਨ ਅੰਬਾਲਾ-ਦਿੱਲੀ ਰਾਜ ਮਾਰਗ 'ਤੇ ਆਵਾਜਾਈ ਬਹਾਲ ਹੋ ਗਈ ਹੈ।


ਰੋਜ਼ਗਾਰ ਵਿਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਜਾਟ ਅੰਦੋਲਨ ਕਾਰਨ ਹਿੰਸਾ ਕਾਰਨ 19 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਲਗਭਗ 34 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।


ਅਧਿਕਾਰੀਆਂ ਨੇ ਦਸਿਆ ਕਿ ਜੀਂਦ ਸ਼ਹਿਰ ਵਿਚੋਂ ਕਰਫਿਊ ਹਟਾ ਲਿਆ ਗਿਆ ਹੈ। ਰੋਹਤਕ ਤੇ ਸੋਨੀਪਤ  ਵਰਗੇ ਬਹੁ-ਗਿਣਤੀ ਜਾਟ ਇਲਾਕਿਆਂ ਵਿਚ ਸਥਿਤੀ ਤਣਾਅਪੂਰਨ ਬਣੀ ਹੈ ਜਿਥੇ ਇੱਕਾ-ਦੁੱਕਾ ਝੜਪਾਂ ਹੋਣ ਦੀ ਖਬਰ ਹੈ।