ਕੈਨੇਡਾ ''ਚ ਪੰਜਾਬੀ ਸਿੱਖਿਆ ਲਈ ਖਾਸ ਜਮਾਤਾਂ ਸ਼ੁਰੂ ਕੀਤੀਆਂ ਜਾਣਗੀਆਂ

Global News

ਕੈਲਗਰੀ— ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਮੌਕੇ ਇੱਕ ਸਮਾਗਮ ਦੌਰਾਨ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਐਲਾਨ ਕੀਤਾ ਕਿ ਉਹ 'ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ' ਨਾਲ਼ ਮਿਲ ਕੇ ਕੈਲਗਰੀ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਅਤੇ ਲਿਖਣ ਦੀ ਸਿਖਲਾਈ ਦੀਆਂ ਜਮਾਤਾਂ ਸ਼ੁਰੂ ਕਰੇਗੀ। ਕਲੱਬ ਵਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬੀ ਸਿੱਖਣ ਦੀਆਂ ਜਮਾਤਾਂ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣਗੀਆਂ ਅਤੇ ਇਨ੍ਹਾਂ ਜਮਾਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ। ਇੰਡੀਅਨ ਐਕਸ-ਸਰਵਿਸਮੈਨ ਇੰਮੀਗਰਾਂਟ ਐਸੋਸੀਏਸ਼ਨ ਦੇ ਹਾਲ ਵਿੱਚ ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਸੰਬੰਧ ਵਿੱਚ ਕਰਵਾਏ ਸਮਾਗਮ ਦੌਰਾਨ ਬੱਚਿਆਂ ਨੇ ਕਵਿਤਾਵਾਂ ਸੁਣਾ ਕੇ ਪੰਜਾਬੀ ਬੋਲੀ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ।
 

ਕਮਲਪ੍ਰੀਤ ਪੰਧੇਰ, ਨਵਕਿਰਨ ਢੁੱਡੀਕੇ ਅਤੇ ਜਸ ਲੰਮ੍ਹੇ ਦੀ ਅਗਵਾਈ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਪੰਜਾਬੀ ਕਵਿਤਾ ਉਚਾਰਣ ਵਰਕਸ਼ਾਪ ਵਿੱਚ 22 ਦੇ ਕਰੀਬ ਬੱਚੇ ਭਾਗ ਲੈ ਰਹੇ ਹਨ। ਕੈਲਗਰੀ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਉਪਰਾਲਾ ਪਹਿਲੀ ਵਾਰ ਕੀਤਾ ਗਿਆ ਹੈ। ਇਸ ਵਰਕਸ਼ਾਪ ਦੌਰਾਨ ਬੱਚਿਆਂ ਨੂੰ ਸਟੇਜ ਤੋਂ ਕਵਿਤਾ ਦੀ ਸਹੀ ਢੰਗ ਨਾਲ਼ ਪੇਸ਼ਕਾਰੀ ਦੇ ਨੁਕਤੇ ਸਿਖਾਏ ਜਾ ਰਹੇ ਹਨ। ਵਰਕਸ਼ਾਪ ਦੌਰਾਨ ਤਿਆਰ ਕੀਤੇ ਬੱਚੇ 12 ਮਾਰਚ ਨੂੰ ਪੰਜਾਬੀ ਲਿਖਾਰੀ ਸਭਾ ਵਲੋਂ ਕਰਵਾਏ ਜਾ ਪੰਜਾਬੀ ਕਵਿਤਾ ਮੁਕਾਬਲੇ ਵਿੱਚ ਭਾਗ ਲੈਣਗੇ। ਉੁਹਨਾਂ ਕਿਹਾ ਕਿ ਪੱਛਮੀ ਮੁਲਕਾਂ ਵਿੱਚ ਰਹਿੰਦਿਆਂ ਭਾਵੇਂ ਅੰਗਰੇਜ਼ੀ ਪਹਿਲੀ ਜ਼ਰੂਰਤ ਹੈ ਪਰ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦਾ ਝੰਡਾ ਵੀ ਬੁਲੰਦ ਰੱਖਣਾ ਚਾਹੀਦਾ ਹੈ।
 

ਰੇਡੀਓ ਰੈੱਡ ਐਫਐਮ ਦੇ ਸਮਾਚਾਰ ਨਿਰਦੇਸ਼ਕ ਰਿਸ਼ੀ ਨਾਗਰ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਵਾਪਰੀਆਂ ਰੋਚਕ ਘਟਨਾਵਾਂ ਦਾ ਜ਼ਿਕਰ ਕੀਤਾ। ਉਹਨਾਂ ਪੰਜਾਬੀ ਭਾਸ਼ਾ ਸਿਖਲਾਈ ਵਰਕਸ਼ਾਪ ਵਿਚ ਹਿੱਸਾ ਲੈਣ ਦੇ ਉੱਦਮ ਲਈ ਬੱਚਿਆਂ ਨੂੰ ਵਧਾਈ ਦਿੰਦਿਆਂ ਮਾਪਿਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਇਸ ਉੱਦਮ ਵਿੱਚ ਹੋਰ ਲੋਕਾਂ ਨੂੰ ਵੀ ਜੋੜਨ ਦਾ ਉਪਰਾਲਾ ਕਰਨ। ਇਸ ਮੌਕੇ ਬੱਚਿਆਂ ਵਿੱਚੋਂ ਤਾਨੀਆ ਲਹਿਲ, ਗੁਰਵੀਰ ਸਿੰਘ, ਕੀਰਤ ਕੌਰ, ਰੀਆ ਆਸੀ, ਸੁਖਕਰਨ ਬਰਾੜ, ਸਹਿਜ ਪੰਧੇਰ, ਪੁਨੀਤ ਢੱਡਾ, ਗੁਰਸੀਰਤ ਕੌਰ, ਪੁਨੀਤ ਧਾਲੀਵਾਲ, ਗੁਰਵਰਦਾਨ ਸਿੰਘ ਟਿਵਾਣਾ, ਗੁਰਇਕਬਾਲ ਸਿੰਘ, ਪ੍ਰਭਲੀਨ ਗਰੇਵਾਲ, ਤਰਨਪ੍ਰੀਤ ਬਰਾੜ, ਹਰਸ਼ਲ ਸ਼ਰਮਾ, ਸਾਹਿਬ ਪੰਧੇਰ, ਮਨਰੀਆ ਸੇਖੋਂ, ਚੰਨਪ੍ਰੀਤ ਕੌਰ, ਅਮਰੀਤ ਕੌਰ ਗਿੱਲ, ਕਰਨਵੀਰ ਸਿੰਘ, ਹਰਸ਼ਵੀਰ ਸਿੰਘ, ਸਿਮਰਨ ਕੌਰ ਅਤੇ ਕੋਮਲ ਧਾਲੀਵਾਲ ਨੇ ਬਾਲ ਕਵਿਤਾਵਾਂ ਪੇਸ਼ ਕੀਤੀਆਂ। ਮਾਪਿਆਂ ਵਿੱਚੋਂ ਗੁਰਦੀਪ ਸਿੰਘ ਧਾਲੀਵਾਲ, ਜਸ ਲੰਮ੍ਹੇ ਅਤੇ ਅਮਿਤਾ ਸ਼ਰਮਾ ਨੇ ਕਵਿਤਾਵਾਂ ਪੇਸ਼ ਕੀਤੀਆਂ।