ਬ੍ਰਿਟਿਸ਼ ਕੋਲੰਬੀਆ ''ਚ ਬਰਫ ਖਿਸਕਣ ਕਾਰਨ ਸੱਤ ਵਿਅਕਤੀ ਜ਼ਖ਼ਮੀ

Global News

ਕੈਲਗਰੀ, (ਰਾਜੀਵ ਸ਼ਰਮਾ)— ਬ੍ਰਿਟਿਸ਼ ਕੋਲੰਬੀਆ 'ਚ ਬਰਫ ਖਿਸਕਣ ਕਾਰਨ ਉਸ ਦੀ ਚਪੇਟ 'ਚ ਆਉਣ ਵਾਲੇ ਸੱਤ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਥਾਂ ਤੋਂ ਨੇੜੇ ਹੀ ਵੀਕੈਂਡ 'ਤੇ ਇਸੇ ਤਰ੍ਹਾਂ ਇਕ ਸਨੋਅਮੋਬੀਲਰ ਦੀ ਮੌਤ ਵੀ ਹੋਈ ਸੀ। ਬੀ. ਸੀ. ਐਂਬੂਲੈਂਸ ਸਰਵਿਸ ਦੀ ਪਾਮੇਲਾ ਗੋਲ ਨੇ ਦੱਸਿਆ ਕਿ ਐਤਵਾਰ ਸਵੇਰੇ ਮਿਲੀ ਮੁੱਢਲੀ ਜਾਣਕਾਰੀ 'ਚ ਗੋਲਡਨ ਦੇ ਉੱਤਰ-ਪੱਛਮੀ ਵੱਲ ਚੈੱਟਰ ਕ੍ਰੀਕ 'ਤੇ ਬਰਫ ਖਿਸਕਣ ਕਾਰਨ 13 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਗੱਲ ਆਖੀ ਗਈ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਘਟਨਾ 'ਚ ਸੱਤ ਵਿਅਕਤੀ ਹੀ ਜ਼ਖ਼ਮੀ ਹੋਏ ਹਨ। ਗੋਲ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਬਾਕੀਆਂ ਦੀ ਸਥਿਤੀ ਕੀ ਹੈ, ਇਸ ਬਾਰੇ ਹਾਲ ਦੀ ਘੜੀ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ।
 

ਸ਼ਨੀਵਾਰ ਨੂੰ ਗੋਲਡਨ ਦੇ ਪੱਛਮ 'ਚ ਕੁਆਰਟਜ਼ ਕ੍ਰੀਕ 'ਤੇ ਬਰਫ ਖਿਸਕਣ ਕਾਰਨ ਚਾਰ ਰਾਈਡਰਜ਼ ਦੀ ਜਾਣ 'ਤੇ ਬਣ ਆਈ ਸੀ, ਜਿਨ੍ਹਾਂ 'ਚੋਂ ਕੈਲਗਰੀ ਦੇ 30 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਵਿਨੀਪੈਗ ਦੇ 40 ਸਾਲਾ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਸੀ। ਗੋਲ ਨੇ ਆਖਿਆ ਕਿ ਉਨ੍ਹਾਂ ਨੂੰ ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਐਤਵਾਰ ਦੇ ਹਾਦਸੇ 'ਚ ਫਸਣ ਵਾਲੇ ਸਨੋਅਮੋਬੀਲਰਜ਼ ਸਨ ਜਾਂ ਸਕੀਅਰਜ਼।