ਖਿੜਕੀ ਦੇ ਸ਼ੀਸ਼ਿਆਂ ਤੋਂ ਵੀ ਲਿਆ ਜਾ ਸਕੇਗਾ ਟੀ. ਵੀ. ਸਕਰੀਨ ਦਾ ਕੰਮ

Global News

ਟੋਰਾਂਟੋ— ਹੁਣ ਉਹ ਦਿਨ ਦੂਰ ਨਹੀਂ ਜਦੋਂ ਖਿੜਕੀ ਦੇ ਸ਼ੀਸ਼ੇ ਨੂੰ ਹੀ ਵੱਡੀ ਟੀ. ਵੀ. ਸਕਰੀਨ 'ਚ ਬਦਲਿਆ ਜਾ ਸਕੇਗਾ। ਇਸ ਕਲਪਨਾ ਨੂੰ ਸ਼ੀਸੇ 'ਤੇ ਚਾਂਦੀ ਵਰਗੀ ਧਾਤੂ ਦੀ ਇਕ ਬੇਹੱਦ ਪਤਲੀ ਪਰਤ ਚੜ੍ਹਾਉਣ ਨਾਲ ਸੰਭਵ ਕੀਤਾ ਜਾ ਸਕੇਗਾ। ਇਸ ਨਵੀਂ ਖੋਜ ਦਾ ਦਾਅਵਾ ਹੈ ਕਿ ਇਸ ਤਕਨੀਕ ਨਾਲ ਖਿੜਕੀ ਜਾਂ ਕੱਚ ਦੀਆਂ ਹੋਰ ਚੀਜ਼ਾਂ ਵੱਡੇ ਥਰਮੋਸਟੇਟ ਜਾਂ ਵੱਡੇ ਟੀ. ਵੀ. ਵਾਂਗ ਕੰਮ ਕਰ ਸਕਦੀਆਂ ਹਨ। ਪ੍ਰਮੁੱਖ ਖੋਜ ਵਿਗਿਆਨੀ ਤੇ ਯੂਨੀਵਰਸਿਟੀ ਆਫ ਕੋਲੰਬੀਆ ਦੇ ਸਹਿ-ਪ੍ਰੋਫੈਸਰ ਕੇਨੇਥ ਚਾਊ ਨੇ ਦੱਸਿਆ ਕਿ ਇੰਜੀਨੀਅਰ ਧਾਤੂਆਂ ਦੀ ਵਿਆਪਕਤਾ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਉਹ ਇਸ ਦੀ ਵਰਤੋਂ ਡਿਸਪਲੇ ਤਕਨੀਕ ਲਈ ਕਰ ਸਕਣ। 


ਉਨ੍ਹਾਂ ਕਿਹਾ ਕਿ ਇਸ ਖੋਜ ਦਾ ਉਦੇਸ਼ ਖਿੜਕੀ 'ਚ ਸੰਭਾਵਿਤ ਇਲੈਕਟ੍ਰਾਨਿਕ ਸਮਰੱਥਾ ਨੂੰ ਇਕੱਠਾ ਕਰਕੇ ਸਮਾਰਟ ਬਣਾਉਣ ਦਾ ਹੈ। ਉਨ੍ਹਾਂ ਦੱਸਿਆ ਕਿ ਖੋਜ ਦੇ ਅਗਲੇ ਪੜਾਅ ਵਿਚ ਇਸ ਕਲਪਨਾ ਨੂੰ ਖਿੜਕੀ 'ਤੇ ਉਤਾਰਨ ਲਈ ਇਸ ਸਬੰਧੀ ਖੋਜ ਕਾਰਜ ਨੂੰ ਅੱਗੇ ਵਧਾਇਆ ਜਾਵੇਗਾ। ਇਸ ਖੋਜ ਦਾ ਪ੍ਰਕਾਸ਼ਨ ਸਾਇੰਟੀਫਿਕ ਰਿਪੋਰਟ ਜਰਨਲ 'ਚ ਕੀਤਾ ਗਿਆ ਹੈ।