ਫਿਜੀ ''ਚ ਚੱਕਰਵਾਤ ''ਚ ਮਾਰੇ ਗਏ 29 ਲੋਕ

Global News

ਸਿਡਨੀ— ਫਿਜੀ 'ਚ ਚੱਕਰਵਾਤੀ ਤੂਫਾਨ 'ਵਿੰਸਟਨ' ਨੇ ਭਾਰੀ ਤਬਾਹੀ ਮਚਾਈ ਹੈ ਅਤੇ ਤੂਫਾਨ ਦੀ ਲਪੇਟ 'ਚ ਆਏ 29 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੂਫਾਨ ਦੇ ਨਾਲ ਹੋਏ ਨੁਕਸਾਨ ਨੂੰ ਭਰਨ 'ਚ ਕਈ ਮਹੀਨੇ ਲੱਗ ਸਕਦੇ ਹਨ। ਬਚਾਅ ਕਾਰਜਾਂ ਵਿਚ ਤੇਜੀ ਨਾਲ ਵਾਧਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਤੂਫਾਨ 'ਚ 325 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਨ੍ਹਾਂ ਹਵਾਵਾਂ ਨੇ ਪਿੰਡਾਂ ਦੇ ਪਿੰਡ ਤਹਿਸ-ਨਹਿਸ ਕਰ ਦਿੱਤਾ। ਫਿਜੀ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਦੀਪ 'ਚ ਇਕ ਬਜ਼ੁਰਗ ਵਿਅਕਤੀ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ।

 

ਚੱਕਰਵਾਤੀ ਤੂਫਾਨ ਦੀ ਭਿਆਨਕਤਾ ਨੂੰ ਦੇਖਦੇ ਹੋਏ ਪਰਸੋਂ ਹੀ ਇਥੇ ਕਰਫਿਊ ਲਗਾ ਦਿੱਤਾ ਗਿਆ ਸੀ, ਜਿਸ ਕਾਰਨ ਬਿਜਲੀ, ਪਾਣੀ ਅਤੇ ਸੰਚਾਰ ਸਹੂਲਤਾਂ ਠੱਪ ਹੋ ਗਈਆਂ ਹਨ। ਫਿਜੀ ਦੇ ਪ੍ਰਧਾਨ ਮੰਤਰੀ ਫਰੈਂਕ ਬੈਨੀਮਰਾਮਾ ਨੇ ਸਾਰੇ ਲੋਕਾਂ ਨੂੰ ਤੂਫਾਨ ਦੀ ਸਾਹਮਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਬਹੁਤ ਔਖਾ ਅਤੇ ਦੁੱਖ ਵਾਲਾ ਹੈ। ਇਹ ਜਾਣਕਾਰੀ ਵੀ ਮਿਲੀ ਹੈ ਕਿ ਸ਼ਿਵਰਾਂ ਵਿਚ ਫੈਲੀ ਗੰਦਗੀ ਕਾਰਨ ਫਿਜੀ ਵਿਚ ਮਹਾਂਮਾਰੀ ਫੈਲਣ ਦਾ ਡਰ ਵੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤੂਫਾਨ ਆਪਣੇ ਪਿੱਛੇ ਬਹੁਤ ਭਾਰੀ ਤਬਾਹੀ ਛੱਡ ਗਿਆ ਹੈ।