ਪੰਜਾਬ ਬਣਿਆ ਐੱਚ. ਆਈ. ਐੱਲ. ਚੈਂਪੀਅਨ

Global News

ਰਾਂਚੀ- ਭਾਰਤੀ ਕਪਤਾਨ ਸਰਦਾਰ ਸਿੰਘ ਦੀ ਅਗਵਾਈ ਵਾਲੀ ਜੇ. ਪੀ. ਪੰਜਾਬ ਵਾਰੀਅਰਸ ਨੇ ਕੋਲ ਇੰਡੀਆ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਦੇ ਫਾਈਨਲ ਮੁਕਾਬਲੇ ਵਿਚ ਐਤਵਾਰ ਨੂੰ ਕਲਿੰਗਾ ਲਾਂਸਰਸ ਨੂੰ 6-1 ਨਾਲ ਹਰਾ ਕੇ ਲੀਗ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।


ਲਗਾਤਾਰ ਤੀਜੀ ਵਾਰ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਪੰਜਾਬ ਦੀ ਟੀਮ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਿਖਾਉਂਦੇ ਹੋਏ ਆਪਣੇ ਇਰਾਦਿਆਂ ਨੂੰ ਬਿਆਨ ਕਰ ਦਿੱਤਾ ਤੇ ਮੈਚ ਵਿਚ ਤਿੰਨ ਮੈਦਾਨੀ ਗੋਲ ਕੀਤੇ ਜਦਕਿ ਕਲਿੰਗਾ ਨੂੰ ਉਸ ਦਾ ਇਕਲੌਤਾ ਗੋਲ ਪੈਨਲਟੀ ਕਾਰਨਰ 'ਤੇ ਹੀ ਮਿਲਿਆ। 


ਪੰਜਾਬ ਵਲੋਂ ਅਰਮਾਨ ਕੁਰੈਸ਼ੀ, ਮੈਟ ਗੋਡਸ ਤੇ ਸਤਬੀਰ ਸਿੰਘ ਨੇ ਗੋਲ ਕੀਤੇ ਜਦਕਿ ਕਲਿੰਗਾ ਵਲੋਂ ਕਪਤਾਨ ਮੋਰਿਤਜ ਫਿਊਰਸਤੇ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ। ਪੰਜਾਬ ਨੇ ਦਿੱਲੀ ਵੇਵਰਾਈਡਰਸ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ ਜਦਕਿ ਕਲਿੰਗਾ ਦੀ ਟੀਮ ਨੇ ਸਾਬਕਾ ਚੈਂਪੀਅਨ ਰਾਂਚੀ ਰੇਜ ਨੂੰ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕੀਤਾ ਸੀ। 


ਰਾਂਚੀ ਵਿਚ ਖੇਡੇ ਗਏ ਖਿਤਾਬੀ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਦਕਿ ਕਲਿੰਗਾ ਇਸ ਮੁਕਾਬਲੇ ਵਿਚ ਕੁਝ ਕਮਜ਼ੋਰ ਨਜ਼ਰ ਆਈ। ਸਾਬਕਾ ਚੈਂਪੀਅਨ ਰਾਂਚੀ ਰੇਜ ਨੂੰ ਹਰਾ ਕੇ ਫਾਈਨਲ ਵਿਚ ਪਹੁੰਚਣ ਵਾਲੀ ਕਲਿੰਗਾ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਲੀਗ ਸੈਸ਼ਨ ਵਿਚ ਕੀਤਾ, ਉਹ ਉਸ ਨੂੰ ਦੁਹਰਾਉਣ ਵਿਚ ਅਸਫਲ ਰਹੀ। ਲੀਗ ਸੈਸ਼ਨ ਵਿਚ ਪੰਜਾਬ ਦੀ ਟੀਮ ਦੂਜੇ ਤੇ ਕਲਿੰਗਾ ਦੀ ਟੀਮ ਚੌਥੇ ਸਥਾਨ 'ਤੇ ਸੀ। ਪੰਜਾਬ ਦੀ ਟੀਮ ਨੂੰ ਇਸ ਜਿੱਤ ਨਾਲ ਢਾਈ ਕਰੋੜ ਰੁਪਏ ਜਦਕਿ ਉਪ ਜੇਤੂ ਕਲਿੰਗਾ ਨੂੰ 1 ਕਰੋੜ 75 ਲੱਖ ਰੁਪਏ ਮਿਲੇ।


ਪੰਜਾਬ ਨੇ ਸ਼ੁਰੂਆਤੀ ਚੌਥੇ ਮਿੰਟ ਵਿਚ ਹੀ ਮੈਦਾਨੀ ਗੋਲ ਕਰਕੇ 2-0 ਦੀ ਬੜ੍ਹਤ ਹਾਸਲ ਕਰ ਲਈ ਸੀ। ਪੰਜਾਬ ਦਾ ਪਹਿਲਾ ਗੋਲ ਅਰਮਾਨ ਕੁਰੈਸ਼ੀ ਨੇ ਕੀਤਾ। ਇਸ ਤੋਂ ਬਾਅਦ 24ਵੇਂ ਮਿੰਟ ਵਿਚ ਕਲਿੰਗਾ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਉਸਦੇ ਕਪਤਾਨ ਮੋਰਿਤਜ ਨੇ ਗੋਲ ਵਿਚ ਬਦਲ ਕੇ ਸਕੋਰ 2-1 ਕੀਤਾ ਤੇ ਬੜ੍ਹਤ ਨੂੰ ਕੁਝ ਘੱਟ ਕੀਤਾ। ਇਸ ਤੋਂ ਬਾਅਦ ਤੀਜੇ ਕੁਆਰਟਰ ਵਿਚ ਪੰਜਾਬ ਨੇ ਹਮਲਾਵਰ ਖੇਡ ਦਿਖਾਈ ਤੇ ਦੋ ਮੈਦਾਨੀ ਗੋਲ ਕੀਤੇ।


ਮੈਚ ਦੇ 39ਵੇਂ ਮਿੰਟ ਵਿਚ ਮੈਟ ਗੋਡਸ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਸਕੋਰ 4-1 ਕੀਤਾ। ਇਸ ਦੇ ਤਿੰਨ ਮਿੰਟ ਬਾਅਦ ਹੀ ਸਤਬੀਰ ਸਿੰਘ ਨੇ ਟੀਮ ਦਾ ਤੀਜਾ ਤੇ ਆਪਣਾ ਪਹਿਲਾ ਮੈਦਾਨੀ ਗੋਲ ਕੀਤਾ। ਪੰਜਾਬ 42 ਮਿੰਟ ਤੋਂ ਬਾਅਦ 6-1 ਦੀ ਬੜ੍ਹਤ ਹਾਸਲ ਕਰ ਚੁੱਕਾ ਸੀ, ਜਿਹੜੀ ਅੰਤ ਤਕ ਬਰਕਰਾਰ ਰਹੀ।