ਰੀਓ ਓਪਨ ਤੋਂ ਬਾਹਰ ਹੋਏ ਨਡਾਲ

Global News

ਰੀਓ- ਖਰਾਬ ਫਾਰਮ ਦਾ ਸਾਹਮਣਾ ਕਰ ਰਹੇ ਸਾਬਕਾ ਨੰਬਰ 1 ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਇਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਉਹ ਰੀਓ ਓਪਨ ਦੇ ਸੈਮੀਫਾਈਨਲ ਮੁਕਾਬਲੇ 'ਚ ਹਾਰ ਕੇ ਬਾਹਰ ਹੋ ਗਏ ਹਨ। ਵਿਸ਼ਵ ਦਾ 5ਵਾਂ ਦਰਜਾ ਪ੍ਰਾਪਤ ਖਿਡਾਰੀ ਨਡਾਲ ਨੂੰ ਉਰੂਗਵੇ ਦੇ ਪਾਬਲੋ ਕੁਏਵਾਸ ਨੇ 6-7, 7-6, 6-4 ਨਾਲ ਹਰਾ ਦਿੱਤਾ। ਟੂਰਨਾਮੈਂਟ ਦੇ ਟਾਪ ਸੀਡ ਨਡਾਲ ਨੇ ਪਹਿਲੇ ਸੈਟ ਨੂੰ ਟਾਈਬ੍ਰੇਕ 'ਚ ਆਪਣੇ ਨਾਂ ਕਰ ਲਿਆ ਸੀ ਪਰ ਅਗਲੇ 2 ਸੈਟਾਂ 'ਚ ਪਾਬਲੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਸ ਨੂੰ ਹਰਾ ਦਿੱਤਾ।
 

ਹਾਰ ਤੋਂ ਨਿਰਾਸ਼ ਹੋਏ ਨਡਾਲ ਨੇ ਕਿਹਾ ਕਿ ਮੈਂ ਇਕ ਮੌਕਾ ਹੋਰ ਗੁਆ ਦਿੱਤਾ ਹੈ। ਮੈਂ ਅਖੀਰ ਤੱਕ ਸੰਘਰਸ਼ ਕੀਤਾ ਪਰ ਫਿਰ ਵੀ ਮੈਚ ਹਾਰ ਗਿਆ। ਮੈਂ ਆਪਣੀ ਲੈਅ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰ ਰਿਹਾ ਹਾਂ। ਨਡਾਲ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ 'ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।