ਰਫਿਊਜੀਆਂ ਦੀ ਮਦਦ ਲਈ ਅੱਗੇ ਆਈ ਕੈਨੇਡਾ ਸਰਕਾਰ

Global News

ਟਰੰਟੋ— ਕੈਨੇਡਾ ਦੀ ਲਿਬਰਲ ਸਰਕਾਰ ਨੇ ਰਿਫੂਜੀਆਂ ਅਤੇ ਸ਼ਰਨਾਰਥੀਆਂ ਲਈ ਸਿਹਤ ਸੇਵਾਵਾਂ ਮੁੜ ਤੋਂ ਮੁਹੱਈਆ ਕਰਨ ਦਾ ਐਲਾਨ ਕਰ ਦਿੱਤਾ ਹੈ। ਪਿਛਲੀ ਕੰਜ਼ਰਵੇਟਿਵ ਸਰਕਾਰ ਵੱਲੋਂ 4 ਸਾਲ ਪਹਿਲਾਂ ਇਨ੍ਹਾਂ ਸੇਵਾਵਾਂ ਵਿਚ ਕਟੌਤੀਆਂ ਕਰ ਦਿੱਤੀਆਂ ਸਨ। ਸੂਤਰਾਂ ਮੁਤਾਬਕ ਅਪ੍ਰੈਲ 2017 ਤੋਂ ਦੁਨੀਆ ਭਰ ਵਿੱਚੋਂ ਕੈਨੇਡਾ ਪਹੁੰਚਣ ਵਾਲੇ ਰਿਫੂਜੀਆਂ ਦੇ ਡਾਕਟਰੀ ਜਾਂਚ, ਟੀਕਾਕਰਨ ਅਤੇ ਹੋਰ ਜ਼ਰੂਰੀ ਖਰਚ ਕੈਨੇਡਾ ਸਰਕਾਰ ਚੁੱਕੇਗੀ। ਇਸ ਵਿਚ ਅੱਖਾਂ, ਦੰਦਾਂ ਦੇ ਇਲਾਜ ਅਤੇ ਦਵਾਈਆਂ ਦੀਆਂ ਸਹੂਲਤਾਂ ਸ਼ਾਮਲ ਹਨ। ਇਸ ਨਾਲ ਰਿਫੂਜੀਆਂ ਲਈ ਰੱਖੇ ਮੌਜੂਦਾ 51 ਮਿਲੀਅਨ ਡਾਲਰਾਂ ਦੇ ਬਜਟ ਵਿੱਚ ਸਾਢੇ 12 ਮਿਲੀਅਨ ਡਾਲਰਾਂ ਦਾ ਵਾਧਾ ਹੋਵੇਗਾ। ਆਵਾਸ ਮੰਤਰੀ ਜੌਹਨ ਮੈਕੱਲਮ ਨੇ ਆਖਿਆ ਕਿ ਲੋਕਾਂ ਵੱਲੋਂ ਕੰਜ਼ਰਵੇਟਿਵਾਂ ਦੀ ਨੀਤੀ ਦਾ ਵਿਰੋਧ ਕੀਤਾ ਅਤੇ ਅਸੀਂ ਉਨ੍ਹਾਂ ਦੀ ਗੱਲ ਸੁਣ ਲਈ ਹੈ।

 

2012 ਵਿਚ ਤਤਕਾਲੀਨ ਆਵਾਸ ਮੰਤਰੀ ਜੇਸਨ ਕੈਨੀ ਨੇ ਰਿਫੂਜੀਆਂ ਦੀਆਂ ਸਿਹਤ ਸੇਵਾਵਾਂ ਕੱਟ ਦਿੱਤੀਆਂ ਸਨ ਜਿਸ ਨੂੰ ਕੁੱਝ ਰਫਿਊਜੀਆਂ ਦੀ ਮਦਦ ਕਰਦੀਆਂ ਸੰਸਥਾਵਾਂ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਪਰ ਕੰਜ਼ਰਵੇਟਿਵ ਸਰਕਾਰ ਨੇ ਅਪੀਲ ਦਾਇਰ ਕੀਤੀ ਸੀ। ਇਸ ਦਾ ਕੋਈ ਸਿੱਟਾ ਨਿਕਲਣ ਤੋਂ ਪਹਿਲਾਂ ਹੀ ਸਰਕਾਰ ਬਦਲ ਗਈ ਅਤੇ ਨਵੀਂ ਲਿਬਰਲ ਸਰਕਾਰ ਨੇ ਪਿਛਲੇ ਸਾਲ ਅਪੀਲ ਹੀ ਵਾਪਸ ਲੈ ਲਈ। ਇਸ ਲਈ ਪਹਿਲਾਂ ਹੋਈ ਭੁੱਲ ਨੂੰ ਸੁਧਾਰਨ ਲਈ ਕੈਨੇਡਾ ਸਰਕਾਰ ਇਸ ਭਲਾਈ ਦੇ ਕੰਮ ਵਿਚ ਅੱਗੇ ਆ ਰਹੀ ਹੈ।