ਸਿਡਨੀ ਵਿੱਚ ''ਕੌਮਾਂਤਰੀ ਮਾਂ ਬੋਲੀ ਦਿਵਸ'' ਮਨਾਇਆ ਗਿਆ

Global News

ਸਿਡਨੀ— ਸਿਡਨੀ ਵਿਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 'ਤੇ ਪੰਜਾਬੀ ਭਾਸ਼ਾ ਅਤੇ ਵਿਰਸੇ ਸਬੰਧੀ ਵਿਸ਼ੇਸ਼ ਸਮਾਗਮ ਹੋਇਆ। ਗੁਰਦੁਆਰਾ ਰਿਵਸਬੀ ਵਿਚ ਚਲਦੇ ਪੰਜਾਬੀ ਸਕੂਲ ਅੰਦਰ ਸੈਂਕੜੇ ਲੋਕ ਬੱਚਿਆਂ ਨਾਲ ਪੰਜਾਬੀ ਬੋਲੀ, ਅੱਖਰ ਗਿਆਨ ਤੇ ਵਿਰਸੇ ਨੂੰ ਪ੍ਰਦੇਸ਼ ਵਿਚ ਜੋੜ ਕੇ ਰੱਖਣ ਲਈ ਇਕੱਠੇ ਹੋਏ। 
 

ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਰੀਟਾ ਕੁਮਾਰੀ ਨੇ ਕਿਹਾ,''ਅੱਜ ਦਾ ਦਿਨ ਬੜਾ ਭਾਗਾਂ ਵਾਲਾ ਹੈ।ਮਾਂ ਬੋਲੀ ਜਿਹੜੀ ਸਾਨੂੰ ਗੁੜ੍ਹਤੀ ਵਿਚ ਮਿਲਦੀ ਹੈ, ਨੂੰ ਸਤਿਕਾਰ ਦੇਣ ਅਤੇ ਅਪਣਾਉਣ ਦਾ ਅੱਜ ਵਿਸ਼ਵ ਵਿਆਪੀ ਦਿਹਾੜਾ ਹੈ।'' ਉਨ੍ਹਾਂ ਕਿਹਾ ਕਿ ਅਸੀਂ ਭਾਵੇਂ ਹੁਣ ਆਪਣੀ ਜਨਮ ਭੂਮੀ ਪੰਜਾਬ ਤਂੋ ਕੋਹਾਂ ਦੂਰ ਹਾਂ ਪਰ ਆਪਣੀ ਪੰਜਾਬੀ ਬੋਲੀ ਤੇ ਵਿਰਸੇ ਤੋਂ ਦੂਰ ਨਹੀਂ ਹੋਏ ਹਾਂ। ਆਸਟਰੇਲੀਆ ਵਿਚ 2011 ਦੌਰਾਨ ਹੋਏ ਸਰਵੇਖਣ ਅਨੁਸਾਰ 71,229 ਲੋਕ ਪੰਜਾਬੀ ਭਾਸ਼ਾ ਨੂੰ ਘਰਾਂ ਵਿਚ ਬੋਲਦੇ ਹਨ ਜਿਸ ਵਿਚ ਵਾਧਾ ਹੋ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਨਵੇਂ ਅਤੇ ਇਥੇ ਪਹਿਲਾਂ ਤੋਂ ਵਸਦੇ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜੇ ਰੱਖਣਾ ਹੈ।ਇਸ ਕੰਮ ਵਿਚ ਸਕੂਲ ਅੰਦਰ ਇਕ ਦਰਜਨ ਅਧਿਆਪਕ ਸੇਵਕਾਂ ਵਾਂਗ ਲੱਗੇ ਹੋਏ ਹਨ। ਭਾਈ ਇਕਬਾਲ ਸਿੰਘ ਨੇ ਗੁਰਬਾਣੀ ਤੇ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਇਸ ਕਾਰਜ ਵਿਚ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ।

 

ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬੀ ਬੋਲੀ, ਗੁਰਬਾਣੀ ਸ਼ਬਦ, ਕਵਿਤਾ, ਬੁਝਾਰਤਾਂ, ਮੁਹਾਵਰੇ, ਅਖਾਣ ਤੋਂ ਇਲਾਵਾ ਵਿਰਸੇ ਸਬੰਧੀ ਵਿਸ਼ੇਸ਼ ਜਾਣਕਾਰੀ ਦੇਣ ਲਈ ਪ੍ਰਦਰਸ਼ਨੀ ਵੀ ਲਾਈ ਗਈ ਜਿਸ ਵਿਚ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਛੋਲੇ ਪੂੜੀਆਂ, ਗੁੜ, ਸ਼ੱਕਰ, ਮੱਖਣ, ਵੇਸਣ ਆਦਿ ਸ਼ਾਮਲ ਸੀ।ਇੱਥੇ ਪੁਰਾਣੇ ਪਿੱਤਲ ਦੇ ਭਾਂਡੇ ਛੰਨਾ, ਗੜਵੀ, ਡੋਲੂ,ਗਾਗਰ, ਪਰਾਤ, ਵੱਡੇ ਗਲਾਸ, ਸਾਜ ਤੁੰਬੀ, ਢੋਲਕੀ, ਅਲਗੋਜਾ, ਸਾਰੰਗੀ, ਢੱਡ, ਡਮਰੂ ਤੋਂ ਇਲਾਵਾ ਫੁਲਕਾਰੀ, ਪਰਾਂਦੇ, ਸ਼ਾਲ, ਦਰੀ, ਚਰਖਾ, ਪੱਖੀ, ਪਤੰਗ, ਪੀੜੀ, ਮੂੜਾ ਆਦਿ ਬਾਰੇ ਵੀ ਦੱਸਿਆ ਗਿਆ।ਬੱਚਿਆਂ ਨੂੰ ਕੁਝ ਔਰਤਾਂ ਨੇ ਕਿੱਕਲ਼ੀ ਪਾ ਕੇ ਵੀ ਵਿਖਾਈ। ਇਹ ਬਹੁਤ ਹੀ ਖੁਸ਼ੀਆਂ ਭਰਿਆ ਮੌਕਾ ਰਿਹਾ। ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਇਹ ਸ਼ਲਾਘਾਯੋਗ ਕਦਮ ਹੈ।