ਮਿਸਰ ਵਿਚ ਧਮਾਕਾ, 1 ਵਿਅਕਤੀ ਦੀ ਮੌਤ ਅਤੇ ਹੋਰ 11 ਜ਼ਖਮੀ

Global News

ਕਾਹਿਰਾ— ਮਿਸਰ ਦੇ ਅਸ਼ਾਂਤ ਉੱਤਰੀ ਸਿਨਾਈ ਸੂਬੇ ਵਿਚ ਹੋਏ ਇਕ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਪੁਲਸ ਕਰਮਚਾਰੀਆਂ ਸਮੇਤ 11 ਲੋਕ ਜ਼ਖਮੀ ਹੋ ਗਏ ਹਨ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਲ ਅਰੀਸ਼ ਸ਼ਹਿਰ ਵਿਚ ਸੜਕ ਕਿਨਾਰੇ ਲਗਾਏ ਗਏ ਇਕ ਬੰਬ ਵਿਚ ਕੱਲ੍ਹ ਉਸ ਸਮੇਂ ਧਮਾਕਾ ਹੋਇਆ ਜਦ ਇਕ ਵਾਹਨ ਉੱਥੋਂ ਲੰਘਿਆ। ਧਮਾਕੇ ਵਿਚ 19 ਸਾਲ ਦੇ ਨਾਗਰਿਕ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮਿਸਰ ਦੇ ਉੱਤਰ ਸਿਨਾਈ ਵਿਚ ਜਨਵਰੀ 2011 ਦੀ ਕ੍ਰਾਂਤੀ ਵਿਚ ਹੁਸਨੀ ਮੁਬਾਰਕ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਮਗਰੋਂ ਅੱਤਵਾਦੀਆਂ ਨੇ ਕਈ ਹਿੰਸਕ ਹਮਲੇ ਕੀਤੇ ਹਨ। ਸਾਲ 2013 ਵਿਚ ਫੌਜ ਵਲੋਂ ਇਸਲਾਮੀ ਰਾਸ਼ਟਰਪਤੀ ਮੁਹੰਮਦ ਮੁਸਰੀ ਨੂੰ ਸੱਤਾ ਤੋਂ ਹਟਾਉਣ ਮਗਰੋਂ ਪੁਲਸ ਅਤੇ ਫੌਜ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਜਾ ਰਹੇ ਹਨ। ਉਸ ਸਮੇਂ ਤੋਂ ਹੁਣ ਤਕ 700 ਤੋਂ ਵੱਧ ਸੁਰੱਖਿਆ ਕਰਮਚਾਰੀ ਮਾਰੇ ਜਾ ਚੁੱਕੇ ਹਨ।