ਮਿਸ਼ੀਗਨ ''ਚ ਗੋਲੀਬਾਰੀ ਕਰਨ ਵਾਲਾ ਇਕ ਸ਼ੱਕੀ ਗ੍ਰਿਫਤਾਰ

Global News

ਵਾਸ਼ਿੰਗਟਨ—ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਗੋਲੀਬਾਰੀ ਕਰਨ ਵਾਲਾ ਉਬੇਰ ਕੰਪਨੀ ਵਿਚ ਕੰਮ ਕਰਨ ਵਾਲਾ ਇਕ ਸ਼ੱਕੀ ਪੁਲਸ ਦੇ ਕਾਬੂ ਆ ਗਿਆ ਹੈ। ਸੂਤਰਾਂ ਮੁਤਾਬਕ ਕੱਲ੍ਹ 54 ਸਾਲ ਦੇ ਜੈਸਨ ਡਾਲਟਨ ਨਾਂ ਦੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। 
 

ਜ਼ਿਕਰਯੋਗ ਹੈ ਕਿ ਇਸ ਸ਼ਨੀਵਾਰ ਨੂੰ ਡੇਟ੍ਰਾਇਟ ਸ਼ਹਿਰ ਤੋਂ 240 ਕਿਲੋ ਮੀਟਰ ਦੂਰ ਕਾਲਾਮਾਜੂ ਖੇਤਰ ਵਿਚ ਇਸ ਵਿਅਕਤੀ ਵਲੋਂ ਕੀਤੀ ਗਈ ਪਹਿਲੀ ਘਟਨਾ ਸਾਹਮਣੇ ਆਈ। ਗੋਲੀਬਾਰੀ ਦੀਆਂ 3 ਘਟਨਾਵਾਂ ਹੋਈਆਂ ਹਨ ਇਨ੍ਹਾਂ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 3 ਲੋਕ ਜ਼ਖਮੀ ਹੋ ਗਏ ਹਨ। ਖਬਰ ਏਜੰਸੀ ਵਲੋਂ ਦੱਸਿਆ ਗਿਆ ਹੈ ਕਿ ਇਕ ਬੰਦੂਕਧਾਰੀ ਵਿਅਕਤੀ ਨੇ ਕਾਲਾਮਾਜੂ ਕਾਊਂਟੀ ਇਲਾਕੇ 'ਚ ਇਕ ਇਮਾਰਤ ਵਿਚ ਜਾ ਕੇ ਇਕ ਔਰਤ ਨੂੰ ਗੋਲੀ ਮਾਰ ਦਿੱਤੀ । ਇਹ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੈ। ਇਸਦੇ ਕੁੱਝ ਘੰਟੇ ਬਾਅਦ ਇਕ ਕਾਰ ਡੀਲਰਸ਼ਿਪ ਦੇ ਨੇੜੇ 2 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਕਰਕੇ ਇਕ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ।
 

ਤੀਸਰੀ ਘਟਨਾ ਕ੍ਰੈਕਰ ਬਾਰੇਲ ਪਾਰਕਿੰਗ ਦੀ ਹੈ ਜਿੱਥੇ ਬੰਦੂਕਧਾਰੀ ਨੇ ਕਾਰ ਸਵਾਰ ਕੁੱਝ ਲੋਕਾਂ 'ਤੇ ਗੋਲੀਆਂ ਚਲਾਈਆਂ ਜਿਸ ਕਰਕੇ 4 ਲੋਕ ਮਾਰੇ ਗਏ। ਸਥਾਨਕ ਮੀਡੀਆ ਮੁਤਾਬਕ ਮਰਨ ਵਾਲਿਆਂ ਵਿਚ ਇਕ 8 ਸਾਲ ਦਾ ਬੱਚਾ ਵੀ ਸੀ। ਪੁਲਸ ਇਸ ਵਿਅਕਤੀ ਤੋਂ ਪੁੱਛ-ਪੜ੍ਹਤਾਲ ਕਰ ਰਹੀ ਹੈ। ਉਮੀਦ ਹੈ ਕਿ ਇਸ ਗੋਲੀਬਾਰੀ ਦੀਆਂ ਘਟਨਾਵਾਂ ਪਿੱਛੇ ਕੀ ਕਾਰਨ ਹੈ, ਇਸ ਬਾਰੇ ਜਲਦੀ ਪਤਾ ਲੱਗ ਸਕੇਗਾ।