ਵਾਰਾਣਸੀ ਪਹੁੰਚੇ ਮੋਦੀ, ਲੈਣਗੇ ਰਵੀਦਾਸ ਜਯੰਤੀ ਦੇ ਪ੍ਰੋਗਰਾਮਾਂ ''ਚ ਹਿੱਸਾ

Global News

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਦੀ ਦੇਰ ਰਾਤ ਆਪਣੇ ਲੋਕ ਸਭਾ ਖੇਤਰ ਵਾਰਾਣਸੀ ਪਹੁੰਚ ਗਏ, ਜਿੱਥੇ ਉਹ 15ਵੀਂ ਸਦੀ ਦੇ ਦਲਿਤ ਕਵੀ ਸ਼੍ਰੀ ਰਵੀਦਾਸ ਦੀ ਜਯੰਤੀ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ ਕਾਸ਼ੀ ਹਿੰਦੂ ਯੂਨੀਵਰਸਿਟੀ 'ਚ ਕਨਵੋਕੇਸ਼ਨ ਸਮਾਰੋਹ 'ਚ ਸ਼ਿਰਕਤ ਕਰਨਗੇ। ਕੋਲਕਾਤਾ 'ਚ ਗੌਡੀਆ ਮਠ ਦੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਵਾਰਾਣਸੀ ਪਹੁੰਚੇ। ਹਵਾਈ ਅੱਡੇ 'ਤੇ ਉੱਤਰ-ਪ੍ਰਦੇਸ਼ ਦੇ ਰਾਜਪਾਲ ਰਾਮ ਨਾਈਕ ਅਤੇ ਉੱਤਰ-ਪ੍ਰਦੇਸ਼ ਸਰਕਾਰ ਦੇ ਮੰਤਰੀ ਦੁਰਗਾ ਪ੍ਰਸਾਦ ਯਾਦਵ ਅਤੇ ਦੂਜੇ ਭਾਜਪਾ ਨੇਤਾਵਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਸਵੇਰੇ ਰਵੀਦਾਸ ਮੰਦਰ ਦਾ ਦੌਰਾ ਕਰਨਗੇ। ਇਸ ਮੰਦਰ ਦਾ ਦਲਿਤਾਂ ਦੇ ਦਿਲਾਂ 'ਚ ਵਿਸ਼ੇਸ਼ ਸਥਾਨ ਹੈ। 


ਮੋਦੀ ਰਵੀਦਾਸ ਕਮਿਊਨਿਟੀ ਦੇ ਪ੍ਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ, ਜਿਸ 'ਚ ਮੁੱਖ ਤੌਰ 'ਤੇ ਪੰਜਾਬੀ ਸਿੱਖ ਹਨ ਜੋ ਵਾਰਾਣਸੀ 'ਚ ਜੰਮੇ ਰੂਹਾਨੀ ਕਵੀ ਦੇ ਚੇਲੇ ਹਨ। ਮੰਦਰ ਦੇ ਨਿਰਮਾਣ 'ਚ ਭਾਈਚਾਰੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਹਰ ਸਾਲ ਪੂਰਬੀ ਉੱਤਰ-ਪ੍ਰਦੇਸ਼ ਦੇ ਇਸ ਸ਼ਹਿਰ 'ਚ ਸ਼੍ਰੀ ਰਵੀਦਾਸ ਜਯੰਤੀ ਮਨਾਈ ਜਾਂਦੀ ਹੈ, ਜਿਸ 'ਚ ਪੰਜਾਬ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਹਿੱਸਾ ਲੈਂਦੇ ਹਨ। ਮੰਦਰ 'ਚ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਮੋਦੀ ਬੀ. ਐੱਚ. ਯੂ. ਜਾਣਗੇ, ਜਿੱਥੇ ਉਹ ਕਨਵੋਕੇਸ਼ਨ ਸਮਾਰੋਹ 'ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਮੋਦੀ ਨੂੰ ਆਨਰੇਰੀ ਡਾਕਟਰੇਟ ਉਪਾਧੀ ਪ੍ਰਦਾਨ ਕਰਨ ਦੀ ਇੱਛਾ ਜਤਾਈ। ਫਿਲਹਾਲ ਮੋਦੀ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਡਿਗਰੀ ਹਾਸਲ ਕਰਨ ਦੀ ਉਨ੍ਹਾਂ ਦੀ ਕੋਈ ਨੀਤੀ ਨਹੀਂ ਹੈ।