ਪੰਪੋਰ ਮੁਕਾਬਲਾ: ਦੋ ਕੈਪਟਨ ਸਮੇਤ 5 ਜਵਾਨ ਸ਼ਹੀਦ, ਇਕ ਅੱਤਵਾਦੀ ਢੇਰ

Global News

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੰਪੋਰ ਕਸਬੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਲਗਾਤਾਰ ਦੂਜੇ ਦਿਨ ਜਾਰੀ ਮੁਕਾਬਲੇ 'ਚ ਫੌਜ ਦੇ ਦੋ ਕੈਪਟਨ ਸਮੇਤ ਪੰਜ ਜਵਾਨ ਸ਼ਹੀਦ ਗਏ ਜਦੋਂ ਕਿ ਇਕ ਅੱਤਵਾਦੀ ਵੀ ਮਾਰਿਆ ਗਿਆ। ਦਰਅਸਲ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਪਹਿਲਾਂ ਸੀ. ਆਰ. ਪੀ. ਐਫ. ਦੇ ਕਾਫਿਲੇ 'ਤੇ ਹਮਲਾ ਕੀਤਾ ਅਤੇ ਫਿਰ ਕੋਲ ਸਥਿਤ ਉਦਮਿਤਾ ਵਿਕਾਸ ਸੰਸਥਾਨ (ਈ. ਡੀ. ਆਈ.) ਦੀ ਇਮਾਰਤ ਵਿਚ ਜਾ ਲੁਕੇ। ਇਸ ਇਮਾਰਤ 'ਚ 150 ਦੇ ਕਰੀਬ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ। ਸਾਰਿਆਂ ਨੂੰ ਸੁਰੱਖਿਅਤ ਇਮਾਰਤ 'ਚੋਂ ਬਾਹਰ ਕੱਢ ਲਿਆ ਗਿਆ ਹੈ। ਇਸ ਮੁਕਾਬਲੇ 'ਚ ਹੁਣ ਤੱਕ 13 ਲੋਕ ਜ਼ਖਮੀ ਹੋ ਚੁੱਕੇ ਹਨ। ਸੁਰੱਖਿਆ ਦੇ ਮੱਦੇਨਜ਼ਰ ਸ਼੍ਰੀਨਗਰ-ਜੰਮੂ ਰਾਜ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ। 
 

ਐਤਵਾਰ ਨੂੰ ਅੱਤਵਾਦੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਦੇ ਬਾਵਜੂਦ ਫੌਜ ਇਮਾਰਤ ਦੇ ਅੰਦਰ ਦਾਖਲ ਹੋ ਗਈ। ਇੱਥੇ ਫੌਜੀਆਂ ਨੇ ਲਸ਼ਕਰ ਦੇ ਇਕ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ, ਜਿਸ ਦਾ ਨਾਂ ਸਫਾਤ ਦੱਸਿਆ ਜਾ ਰਿਹਾ ਹੈ। ਉਹ ਪੁਲਵਾਮਾ ਦਾ ਹੀ ਰਹਿਣ ਵਾਲਾ ਹੈ। ਸੂਤਰਾਂ ਮੁਤਾਬਕ ਮੁਕਾਬਲੇ ਦੌਰਾਨ ਇਮਾਰਤ ਦੀ ਉਪਰਲੀ ਛੱਤ 'ਤੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਸ ਦਾ ਉਪਰਲਾ ਹਿੱਸਾ ਸੜ ਕੇ ਸੁਆਹ ਹੋ ਗਿਆ। ਅਜਿਹਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅੱਤਵਾਦੀ ਇਮਾਰਤ ਦੀ ਤੀਸਰੀ ਮੰਜ਼ਿਲ 'ਚ ਲੁਕੇ ਹਨ ਅਤੇ ਰੁਕ-ਰੁਕ ਕੇ ਗੋਲੀਬਾਰੀ ਕਰ ਰਹੇ ਹਨ, ਜਿਸ ਨਾਲ ਇਕ ਹੋਰ ਕੈਪਟਨ ਤੁਸ਼ਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਦੱਸਿਆ ਜਾਂਦਾ ਹੈ ਕਿ 9 ਪੈਰਾ ਰੈਜੀਮੈਂਟ ਦੇ ਕੈਪਟਨ ਤੁਸ਼ਾਰ ਨੂੰ 4 ਗੋਲੀਆਂ ਲੱਗੀਆਂ ਸਨ। ਇਸ ਤੋਂ ਪਹਿਲਾਂ ਕੈਪਟਨ ਪਵਨ ਕੁਮਾਰ ਵੀ ਇਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ 3 ਤੋਂ 5 ਦੀ ਗਿਣਤੀ ਵਿਚ ਹਨ, ਜਿਹੜੇ ਕਿ ਅੱਤਵਾਦੀ ਸੰਗਠਨ ਲਸ਼ਕਰ ਦੇ ਦੱਸੇ ਜਾਂਦੇ ਹਨ। ਸੀ. ਆਰ. ਪੀ. ਐੱਫ. ਦੇ ਮਹਾ ਨਿਰਦੇਸ਼ਕ ਏ. ਕੇ. ਭਗਤ ਨੇ ਕਿਹਾ ਕਿ ਅੱਤਵਾਦੀਆਂ ਦੇ ਉਚਾਈ 'ਤੇ ਹੋਣ ਕਾਰਨ ਮੁਕਾਬਲੇ ਵਿਚ ਉਨ੍ਹਾਂ ਨੂੰ ਮਾਰਨ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਆਪ੍ਰੇਸ਼ਨ ਚੱਲ ਰਿਹਾ ਹੈ ਅਤੇ ਜਲਦੀ ਹੀ ਇਮਾਰਤ ਵਿਚ ਦਾਖਲ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਜਾਵੇਗਾ।