ਭਾਰਤੀ ਮੁੰਡਾ ਬਣਿਆ ਕੈਨੇਡਾ ਦਾ ''ਪ੍ਰਧਾਨ ਮੰਤਰੀ''!

Global News

ਬਰੈਂਪਟਨ— ਕੈਨੇਡਾ ਦਾ ਭਾਰਤੀ ਭਾਈਚਾਰਾ ਉਸ ਸਮੇਂ ਖੁਸ਼ੀ ਨਾਲ ਭਰ ਗਿਆ ਜਦੋਂ ਬਰੈਂਪਟਨ ਦੇ ਭਾਰਤੀ ਮੂਲ ਦੇ ਮੁੰਡੇ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ। ਜਸਟਿਨ ਟਰੂਡੋ ਨੇ ਖੁਦ 19 ਸਾਲਾ ਭਾਰਤੀ ਮੁੰਡੇ ਪ੍ਰਭਜੋਤ ਲਖਨਪਾਲ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ ਅਤੇ ਉਸ ਨੂੰ ਆਪਣੀ ਕੁਰਸੀ 'ਤੇ ਵੀ ਬਿਠਾਇਆ। ਇਹ ਖੁਸ਼ੀ ਹਾਲਾਂਕਿ ਇਕ ਦਿਨ ਦੀ ਹੀ ਸੀ ਪਰ ਇਹ ਪ੍ਰਭਜੋਤ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ। ਅਸਲ ਵਿਚ ਯੋਰਕ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰਭਜੋਤ ਨੂੰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਹੈ। ਉਸ ਦੀ ਇੱਛਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦੀ ਸੀ। ਉਸ ਦੀ ਇੱਛਾ ਦਾ ਪਤਾ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਇੱਛਾ ਪੂਰੀ ਕਰਨ ਦੀ ਸੋਚੀ। ਟਰੂਡੋ ਨੇ ਬਕਾਇਦਾ ਪ੍ਰਭਜੋਤ ਨੂੰ ਸੈਨੇਟ ਵਿਚ ਲਿਜਾ ਕੇ ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ। ਹਾਊਸ ਆਫ ਕਾਨਮਜ਼ ਵਿਚ ਇਕ ਸੱਚੇ ਨੇਤਾ ਵਾਂਗ ਉਸ ਦਾ ਸੁਗਆਤ ਬਾਕੀ ਨੇਤਾਵਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਕੀਤਾ। 
 

ਪ੍ਰਭਜੋਤ ਦੀ ਇਹ ਇੱਛਾ 'ਮੇਕ-ਏ-ਵਿਸ਼ ਕੈਨੇਡਾ' ਰਾਹੀਂ ਪੂਰੀ ਕੀਤੀ ਗਈ। 'ਮੇਕ-ਏ-ਵਿਸ਼ ਕੈਨੇਡਾ' ਇਕ ਫਾਊਂਡੇਸ਼ਨ ਹੈ ਜੋ ਜਾਨਲੇਵਾ ਬੀਮਾਰੀਆਂ ਨਾਲ ਪੀੜਤ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੀ ਹੈ। ਇਸ ਦੌਰਾਨ ਪ੍ਰਭਜੋਤ ਪ੍ਰਧਾਨ ਮੰਤਰੀ ਦੇ ਤੌਰ 'ਤੇ ਆਪਣੀ ਸਕਿਓਰਿਟੀ ਡਿਟੇਲ, ਸਹੁੰ ਚੁੱਕ ਸਮਾਗਮ ਅਤੇ ਮੀਡੀਆ ਨਾਲ ਮੁਲਾਕਾਤ ਵਰਗੇ ਕੰਮ ਕੀਤੇ। ਆਪਣੇ ਇਕ ਦਿਨ ਦੇ ਪ੍ਰਧਾਨ ਮੰਤਰੀ ਦੇ ਸਫਰ ਦੌਰਾਨ ਪ੍ਰਭਜੋਤ ਗਵਰਨਰ ਜਨਰਲ ਡੇਵਿਡ ਜੌਨਸਟੋਨ ਨੂੰ ਮਿਲਿਆ ਅਤੇ ਚੈਲੇਂਜਰ ਜਹਾਜ਼ ਵਿਚ ਪ੍ਰਧਾਨ ਮੰਤਰੀ ਦੀ ਸੀਟ 'ਤੇ ਬੈਠਿਆ।