ਪੁਲਾੜ ਯਾਤਰੀ ਬਣਨ ਲਈ ਨਾਸਾ ਨੂੰ ਰਿਕਾਰਡ ਗਿਣਤੀ ''ਚ ਅਰਜ਼ੀਆਂ ਮਿਲੀਆਂ

Global News

ਵਾਸ਼ਿੰਗਟਨ— ਨਾਸਾ ਨੂੰ ਪੁਲਾੜ ਯਾਤਰੀ ਬਣਨ ਲਈ ਰਿਕਾਰਡ ਗਿਣਤੀ 'ਚ 18,300 ਲੋਕਾਂ ਦੀਆਂ ਅਰਜ਼ੀਆਂ ਮਿਲੀਆਂ ਹਨ। ਇਹ ਜਾਣਕਾਰੀ ਅਮਰੀਕੀ ਪੁਲਾੜ ਏਜੰਸੀ ਨੇ ਦਿੱਤੀ ਹੈ। ਨਾਸਾ ਦੀ ਸਾਲ 2017 ਦੀ ਸ਼੍ਰੇਣੀ 'ਚ ਜਗ੍ਹਾ ਪਾਉਣ ਲਈ ਅਰਜ਼ੀਆਂ ਦੀ ਗਿਣਤੀ ਸਾਲ 2012 'ਚ ਪ੍ਰਾਪਤ ਹੋਈਆਂ ਅਰਜ਼ੀਆਂ ਤੋਂ 3 ਗੁਣਾ ਹੈ। ਇਹ ਸਾਲ 1978 ਦੇ ਉਸ ਰਿਕਾਰਡ ਨੂੰ ਵੀ ਤੋੜਦੀ ਹੈ, ਜਿਸਦੇ ਤਹਿਤ 8000 ਅਰਜ਼ੀਆਂ ਆਈਆਂ ਸਨ। ਨਾਸਾ ਦੇ ਪ੍ਰਬੰਧਕ ਅਤੇ ਸਾਬਕਾ ਪੁਲਾੜ ਯਾਤਰੀ ਚਾਰਲੀ ਬੋਲਡੇਨ ਨੇ ਕੱਲ ਇਕ ਬਿਆਨ 'ਚ ਕਿਹਾ, ''ਮੈਨੂੰ ਇਸ ਨਾਲ ਕੋਈ ਹੈਰਾਨੀ ਨਹੀਂ ਹੋਈ ਹੈ ਕਿ ਇੰਨੇ ਸਾਰੇ ਅਮਰੀਕੀ ਲੋਕ ਮੰਗਲ ਦੀ ਸਾਡੀ ਯਾਤਰਾ 'ਚ ਨਿੱਜੀ ਤੌਰ 'ਤੇ ਹਿੱਸਾ ਲੈਣਾ ਚਾਹੁੰਦੇ ਹਨ।''

 

ਪਰ ਕੁੱਝ ਚੁਣੇ ਹੋਏ ਲੋਕ ਹੀ ਤਾਰਿਆਂ ਨਾਲ ਜੁੜੇ ਇਸ ਪੇਸ਼ੇ ਦੇ ਆਪਣੇ ਟੀਚੇ ਨੂੰ ਪੂਰਾ ਕਰ ਸਕਣਗੇ। ਅਗਲੇ ਡੇਢ ਸਾਲ 'ਚ ਇਕ ਚੋਣ ਬੋਰਡ ਅਰਜ਼ੀਆਂ ਦੀ ਚੋਣ ਕਰੇਗਾ। ਟੈਕਸਾਸ ਦੇ ਹਾਯਾਉਸਟਾਨ ਸਥਿਤ ਜਾਨਸਨ ਸਪੇਸ ਸੈਂਟਰ 'ਚ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਲੋਕਾਂ ਨੂੰ ਹੀ ਇੰਟਰਵਿਊ ਲਈ ਸੱਦਿਆ ਜਾਵੇਗਾ। ਅਖੀਰ 'ਚ 8 ਤੋਂ 14 ਖੁਸ਼ਕਿਸਮਤ ਲੋਕਾਂ ਨੂੰ ਸਿਖਲਾਈ ਲਈ ਕਿਹਾ ਜਾ ਸਕਦਾ ਹੈ। ਨਾਸਾ ਨੂੰ ਉਮੀਦ ਹੈ ਕਿ ਉਸਦੀ ਨਵੀਂ ਸ਼੍ਰੇਣੀ ਦੀ ਸ਼ੁਰੂਆਤ ਸਾਲ 2017 ਦੇ ਮੱਧ 'ਚ ਹੋ ਜਾਵੇਗੀ।