ਦੱਖਣੀ ਕੋਰੀਆਈ ਸਰਹੱਦ ਕੋਲ ਉੱਤਰੀ ਕੋਰੀਆ ਨੇ ਬੰਬ ਸੁੱਟਿਆ

Global News

ਸੋਲ— ਉੱਤਰੀ ਕੋਰੀਆ ਨੇ ਅੱਜ ਦੱਖਣੀ ਕੋਰੀਆ ਨਾਲ ਲੱਗਦੀ ਸਰਹੱਦ ਕੋਲ ਇਕ ਬੰਬ ਸੁੱਟਿਆ। ਦੱਖਣੀ ਕੋਰੀਆ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਬੰਬ ਫੌਜ ਅਭਿਆਸ ਦੌਰਾਨ ਸੁੱਟਿਆ ਗਿਆ। ਹਾਲ ਹੀ 'ਚ ਉੱਤਰੀ ਕੋਰੀਆ ਨੇ ਪ੍ਰਮਾਣੂ ਪਰੀਖਣ ਅਤੇ ਰਾਕਟ ਪਰੀਖਣ ਕੀਤੇ ਹਨ, ਜਿਸ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵੱਧ ਗਿਆ ਹੈ। ਕੁੱਝ ਹੀ ਦਿਨ ਪਹਿਲਾਂ ਦੱਖਣੀ ਕੋਰੀਆ ਨੇ ਕਿਹਾ ਸੀ ਕਿ ਉਹ ਅਗਲੇ ਮਹੀਨੇ ਅਮਰੀਕਾ ਨਾਲ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ, ਸਾਲਾਨਾ ਸੰਯੁਕਤ ਫੌਜ ਅਭਿਆਸ ਕਰੇਗਾ। ਅਕਸਰ ਇਸ ਅਭਿਆਸ ਕਾਰਨ ਹੀ ਸਰਹੱਦ 'ਤੇ ਤਣਾਅ ਵੱਧ ਜਾਂਦਾ ਹੈ।

 

ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਯੇਲੋ ਸਾਗਰ 'ਚ ਵਿਵਾਦਤ ਸਮੁੰਦਰੀ ਸਰਹੱਦ ਕੋਲ ਉੱਤਰੀ ਕੋਰੀਆ 'ਚ ਇਕ ਬੰਬ ਸੁੱਟਿਆ ਗਿਆ। ਉਨ੍ਹਾਂ ਨੇ ਕਿਹਾ, ''ਅਜਿਹਾ ਲੱਗਦਾ ਹੈ ਕਿ ਬੰਬ ਸਮੁੰਦਰੀ ਸਰਹੱਦ ਦੇ ਉੱਤਰੀ ਹਿੱਸੇ 'ਚ ਡਿੱਗਿਆ ਅਤੇ ਸਾਨੂੰ ਕੋਈ ਨੁਕਸਾਨ ਨਹੀਂ ਹੋਇਆ।'' ਜਾਣਕਾਰੀ ਮੁਤਾਬਕ ਬੰਬ ਸੁੱਟੇ ਜਾਣ ਕਾਰਨ ਯੇਓਨਪੇਯੋਂਗ ਦੀਪ ਦੇ ਨਿਵਾਸੀ ਸਦਮੇ 'ਚ ਆ ਗਏ ਅਤੇ ਕੁੱਝ ਸਮੇਂ ਲਈ ਸੁਰੱਖਿਅਤ ਜਗ੍ਹਾ 'ਤੇ ਚਲੇ ਗਏ।