''ਦਿ ਨੇਮ ਆੱਫ ਦਿ ਰੋਜ਼'' ਲੇਖਕ ਅੰਬੇਟਰੋ ਇਕੋ ਦਾ ਦੇਹਾਂਤ

Global News

ਰੋਮ— ਇਤਾਲਵੀ ਲੇਖਕ ਅੰਬੇਟਰੋ ਇਕੋ ਦਾ 84 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। 'ਦਿ ਨੇਮ ਆੱਫ ਦਿ ਰੋਜ਼' ਵਰਗੇ ਕਈ ਪ੍ਰਸਿੱਧ ਨਾਵਲ ਲਿਖਣ ਵਾਲੇ ਲੇਖਕ ਇਕੋ ਕੈਂਸਰ ਤੋਂ ਪੀੜਤ ਸਨ। ਇਤਾਲਵੀ ਅਖਬਾਰ 'ਲਾ ਰਿਪਲਿਕਾ' ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਲੋਂ ਦੱਸਿਆ ਹੈ ਕਿ ਕੱਲ੍ਹ ਸਥਾਨਕ ਸਮੇਂ ਮੁਤਾਬਕ ਰਾਤ 9 ਵੱਜ ਕੇ 30 ਮਿੰਟ 'ਤੇ ਉਨ੍ਹਾਂ ਨੇ ਆਖਰੀ ਸਾਹ ਲਿਆ। ਇਨ੍ਹਾਂ ਦਾ ਜਨਮ 5 ਜਨਵਰੀ, 1932 ਨੂੰ ਉੱਤਰੀ ਖੇਤਰ ਪਾਈਡਮੋਂਟ ਦੇ ਅਲੇਸੈਂਡ੍ਰੋਆ ਵਿਚ ਹੋਇਆ ਸੀ। ਇਕੋ ਦੇ ਪਿਤਾ ਨੇ ਉਨ੍ਹਾਂ ਦਾ ਪਾਲਣ-ਪੋਸ਼ਣ ਰੋਮਨ ਕੈਥੋਲਿਕ ਸੱਭਿਆਚਾਰ ਮੁਤਾਬਕ ਕੀਤਾ ਅਤੇ ਉਨ੍ਹਾਂ ਦੀ ਇੱਛਾ ਸੀ ਕਿ ਇਕੋ ਕਾਨੂੰਨੀ ਪੜ੍ਹਾਈ ਕਰੇ। ਇਕੋ ਦੀ ਦਿਲਚਸਪੀ ਸਾਹਿਤ ਵਿਚ ਹੀ ਸੀ। 1970 ਵਿਚ ਇਕੋ ਨੇ 'ਬੋਲੋਗਨਾ ਯੂਨੀਵਰਸਿਟੀ' ਵਿਚ 'ਸੇਮਿਓਟਿਕਸ' ਦੇ ਪ੍ਰੋਫੈਸਰ ਲੱਗੇ ।

 

1980 ਵਿਚ ਉਨ੍ਹਾਂ ਦਾ ਨਾਵਲ 'ਦਿ ਨੇਮ ਆੱਫ ਦਿ ਰੋਜ਼' ਨੇ ਉਨ੍ਹਾਂ ਨੂੰ ਪੂਰੇ ਸੰਸਾਰ ਵਿਚ ਮਸ਼ਹੂਰ ਕਰ ਦਿੱਤਾ। ਸੂਤਰਾਂ ਮੁਤਾਬਕ ਇਸ ਨਾਵਲ ਦੀਆਂ ਕਈ ਕਾਪੀਆਂ ਛੱਪ ਚੁੱਕੀਆਂ ਹਨ। 1986 ਵਿਚ ਇਸ ਨਾਵਲ 'ਤੇ ਅਧਾਰਿਤ ਇਕ ਫਿਲਮ ਵੀ ਬਣੀ। ਉਨ੍ਹਾਂ ਦੇ ਲਿਖੇ ਹੋਰ ਨਾਵਲ ਜਿਵੇਂ ਕਿ 'ਫਾਊਕਾਲਟਸ ਪੇਂਡੁਲਮ', 'ਦਿ ਆਈਲੈਂਡ ਆੱਫ ਦਿ ਡੇ ਬਿਫੋਰ', 'ਬਾਊਦੋਲਿਨੋ ਅਤੇ ਦਿ ਪ੍ਰਾਗ ਸੇਮੇਟਰੀ' ਵਰਗੇ ਲੋਕਪ੍ਰਿਯ ਨਾਵਲ ਵੀ ਲਿਖੇ ਸਨ।