ਭਾਰਤ ਨੇ ਸਿੰਗਾਪੁਰ ਕੀਤਾ ਚਿੱਤ

Global News

ਹੈਦਰਾਬਾਦ— ਚੋਟੀ ਦੇ ਖਿਡਾਰੀ ਕੇ. ਸ਼੍ਰੀਕਾਂਤ ਦੀ ਅਗਵਾਈ ਵਿਚ ਭਾਰਤੀ ਪੁਰਸ਼ ਟੀਮ ਨੇ ਏਸ਼ੀਆ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਬੁੱਧਵਾਰ ਨੂੰ ਸਿੰਗਾਪੁਰ ਨੂੰ ਇਕਤਰਫਾ ਅੰਦਾਜ਼ ਵਿਚ 5-0 ਨਾਲ ਹਰਾ ਦਿੱਤਾ। 
 

ਭਾਰਤ ਨੇ ਸਿੰਗਾਪੁਰ ਵਿਰੁੱਧ ਇਸ ਮੁਕਾਬਲੇ ਵਿਚ ਗਰੁੱਪ ਐੱਮ-ਏ ਵਿਚ ਸਾਰੇ ਪੰਜ ਮੈਚ ਜਿੱਤ ਲਏ। ਸਿੰਗਾਪੁਰ ਨੇ ਇਸ ਤੋਂ ਪਹਿਲਾਂ ਆਪਣੇ ਪਹਿਲੇ ਮੁਕਾਬਲੇ ਵਿਚ ਸੋਮਵਾਰ ਨੂੰ ਚੀਨ ਵਿਰੁੱਧ ਸਖਤ ਸੰਘਰਸ਼ ਤੋਂ ਬਾਅਦ 2-3 ਦੀ ਹਾਰ ਝੱਲੀ ਸੀ ਪਰ ਭਾਰਤੀ ਟੀਮ ਨੇ ਸਿੰਗਾਪੁਰ ਨੂੰ ਸਾਰੇ ਪੰਜ ਮੈਚਾਂ ਵਿਚ ਚਿੱਤ ਕਰ ਦਿੱਤਾ। 
 

ਸ਼੍ਰੀਕਾਂਤ ਨੇ ਡੈਰੇਕ ਵਾਂਗ ਜੀ ਲਿਆਂਗ ਨੂੰ 21-16, 12-21, 21-13 ਨਾਲ ਹਰਾਇਆ। ਡਬਲਜ਼ ਮੈਚ ਵਿਚ ਮਨੂ ਅੱਤਰੀ ਤੇ ਬੀ. ਸੁਮਿਤ ਰੈੱਡੀ ਨੇ ਯੋਂਗ ਕੇਈ ਤੇ ਕੀਨ ਹੀਨ ਲੋਹ ਨੂੰ  21-15, 21-14 ਨਾਲ ਹਰਾਇਆ। ਦੂਜੇ ਸਿੰਗਲਜ਼ ਮੈਚ ਵਿਚ ਅਜੇ ਜੈਰਾਮ ਨੇ ਕੀਨ ਯਿਯੂ ਨੂੰ 21-11, 21-18 ਨਾਲ ਹਰਾਇਆ। 
 

ਦੂਜੇ ਡਬਲਜ਼ ਵਿਚ ਪ੍ਰਣਵ ਚੋਪੜਾ ਤੇ ਅਕਸ਼ੈ ਦੇਵਾਲਕਰ ਨੇ ਡੈਨੀ ਬਾਵਾ ਤੇ ਹੇਂਦ੍ਰਾ ਵਿਜਯਾ ਨੂੰ 21-14, 21-13 ਨਾਲ ਹਰਾਇਆ। ਆਖਰੀ ਸਿੰਗਲਜ਼ ਮੈਚ ਵਿਚ ਐੱਚ. ਐੱਸ. ਪ੍ਰਣਯ ਨੇ ਜਿਨ ਰੇਈ ਰਿਆਨ ਨੂੰ 21-0, 21-12 ਨਾਲ ਹਰਾਇਆ।