ਟੀ. ਡੀ. ਬੈਂਕ ''ਚ ਡਾਕਾ

Global News

ਵੈਨਕੂਵਰ—ਕੱਲ੍ਹ ਸਵੇਰੇ ਸਥਾਨਕ ਟੀ. ਡੀ. ਬੈਂਕ ਦੀ ਇਕ ਸ਼ਾਖਾ ਵਿਚ ਡਕੈਤੀ ਦੀ ਵਾਪਰੀ ਵਾਰਦਾਤ ਨੇ ਇਲਾਕੇ ਦੇ ਲੋਕਾਂ ਵਿਚ ਸਹਿਮ ਦੀ ਭਾਵਨਾ ਪੈਦਾ ਕਰ ਦਿੱਤੀ। ਆਰ. ਸੀ. ਐੱਮ. ਪੀ. ਸਰੀ ਵਲੋਂ 6 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ ਸਰੀ ਦੇ 72 ਐਵੇਨਿਊ ਅਤੇ ਕਿੰਗ ਜਾਰਜ ਇੰਟਰਨੈਸ਼ਨਲ ਲਾਗੇ ਦੀ ਟੀ. ਡੀ. ਬੈਂਕ ਦੀ ਸ਼ਾਖਾ ਵਿਚ ਲੁਟੇਰੇ ਦੇ ਆ ਵੜਨ ਦੀ ਕਾਲ ਆਉਣ ਤੋਂ ਬਾਅਦ ਪੁਲਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ।

 

ਪਹਿਲਾਂ ਬੈਂਕ ਅੰਦਰ ਫਸੇ ਸਟਾਫ ਅਤੇ ਗਾਹਕਾਂ ਨੂੰ ਸੁਰੱਖਿਅਤ ਕੱਢਣ ਤੋਂ ਬਾਅਦ ਲੁਟੇਰੇ ਨਾਲ ਸੰਪਰਕ ਕਰਨ ਲਈ ਰੋਬੋਟ  ਅੰਦਰ ਭੇਜਿਆ ਗਿਆ ਪਰ ਜਦ ਕੋਈ ਕਾਮਯਾਬੀ ਨਾ ਮਿਲੀ ਤਾਂ ਸਪੈਸ਼ਲ ਸੁਰੱਖਿਆ ਬਲ ਮੰਗਵਾ ਕੇ 6 ਘੰਟਿਆਂ ਬਾਅਦ ਬੈਂਕ ਦੀ ਪਹਿਲੀ ਮੰਜ਼ਿਲ ਤੋਂ ਲੁਟੇਰੇ ਨੂੰ ਫੜ ਲਿਆ ਗਿਆ। ਪੁਲਸ ਨੇ ਇਸ ਬਾਰੇ ਬਿਆਨ ਜਾਰੀ ਕਰਦਿਆਂ ਇਕ ਸ਼ੱਕੀ ਨੂੰ ਹਿਰਾਸਤ ਵਿਚ ਲੈਣ ਦੀ ਗੱਲ ਆਖੀ ਹੈ ਜਦਕਿ ਉਸ 'ਤੇ ਅਜੇ ਤਕ ਕੋਈ ਚਾਰਜ ਨਹੀਂ ਲਾਏ ਗਏ ਹਨ।