ਲਿਬਰਲਾਂ ''ਤੇ ਆਈਐਸਆਈਐਸ ਮਿਸ਼ਨ ''ਚੋਂ ਪੈਰ ਪਿੱਛੇ ਖਿੱਚਣ ਦਾ ਦੋਸ਼

Global News

ਕੈਲਗਰੀ (ਰਾਜੀਵ ਸ਼ਰਮਾ) — ਲਿਬਰਲਾਂ ਵਲੋਂ ਪਿਛਲੇ ਹਫਤੇ ਉਜਾਗਰ ਕੀਤੀ ਗਈ ਆਪਣੀ ਆਈਐਸਆਈਐਸ ਬਾਰੇ ਯੋਜਨਾ ਬਾਰੇ ਮੰਗਲਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰਾਂ ਵਲੋਂ ਘੇਰ ਲਿਆ ਗਿਆ। ਕੰਜ਼ਰਵੇਟਿਵਾਂ ਦੀ ਅੰਤਰਿਮ ਆਗੂ ਰੋਨਾ ਐਂਬਰੋਜ਼ ਨੇ ਆਖਿਆ ਕਿ ਪਿਛਲੇ ਮਹੀਨੇ ਲਿਬਰਲਾਂ ਵਲੋਂ ਦਾਵਾ ਕੀਤਾ ਗਿਆ ਕਿ ਉਨ੍ਹਾਂ ਨੇ ਟਰੇਨਿੰਗ ਮਿਸ਼ਨ 'ਚ ਵਾਧਾ ਕਰ ਦਿੱਤਾ ਹੈ ਤੇ ਡਿਪਲੋਮੈਟਿਕ ਤੇ ਮਾਨਵਤਾਵਾਦੀ ਕੋਸ਼ਿਸ਼ਾਂ 'ਚ ਵੀ ਵਾਧਾ ਕੀਤਾ ਜਾਵੇਗਾ, ਪਰ ਇਹ ਲੜਾਈ ਤਾਂ ਨਹੀਂ ਹੈ।

 

ਸੀਐਫ-18 ਲੜਾਕੂ ਜਹਾਜ਼ਾਂ ਨੂੰ ਇਸ ਮਹੀਨੇ ਵਾਪਸ ਸੱਦ ਲੈਣਾ ਵੀ ਲੜਾਈ ਨਹੀਂ ਹੈ। ਉਨ੍ਹਾਂ ਆਖਿਆ ਕਿ ਸੀਐਫ-18 ਨੂੰ ਖਿੱਤੇ 'ਚ ਹੀ ਰਹਿਣ ਦੇਣਾ ਚਾਹੀਦਾ ਹੈ ਕਿਉਂਕਿ ਆਈਐਸਆਈਐਸ ਵਲੋਂ ਅਜੇ ਵੀ ਔਰਤਾਂ ਤੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਸਮਲਿੰਗੀਆਂ 'ਤੇ ਵੀ ਜ਼ੁਲਮ ਕੀਤੇ ਜਾ ਰਹੇ ਹਨ ਤੇ ਜਿਸ ਕਿਸੇ ਦੀ ਸੋਚ ਉਨ੍ਹਾਂ ਨਾਲ ਮੇਲ ਨਹੀਂ ਖਾਂਦੀ ਉਸ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਸ ਦੇ ਜਵਾਬ 'ਚ ਟਰੂਡੋ ਨੇ ਆਖਿਆ ਕਿ ਉਹ ਵੀ ਇਹੋ ਮੰਨਦੇ ਹਨ ਕਿ ਆਈਐਸਆਈਐਸ ਖਿੱਤੇ ਦੇ ਮਾਸੂਮ ਲੋਕਾਂ ਲਈ ਹੀ ਨਹੀਂ ਸਗੋਂ ਇਸ ਖਿੱਤੇ ਦੀ ਸਥਿਰਤਾ ਤੇ ਦੁਨੀਆ ਦੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ। ਇਸੇ ਦੌਰਾਨ ਐਨਡੀਪੀ ਆਗੂ ਟੌਮ ਮਲਕੇਅਰ ਨੇ ਆਖਿਆ ਕਿ ਚੋਣਾਂ ਦੌਰਾਨ ਕੈਨੇਡੀਅਨਾਂ ਨੂੰ ਇਹ ਯਕੀਨ ਕਰਨ ਲਈ ਆਖਿਆ ਗਿਆ ਸੀ ਕਿ ਲਿਬਰਲ ਸਰਕਾਰ ਦੇ ਤਹਿਤ ਇਰਾਕ ਤੇ ਸੀਰੀਆ 'ਚੋਂ ਮਿਸ਼ਨ ਖ਼ਤਮ ਕਰ ਦਿੱਤਾ ਜਾਵੇਗਾ ਤੇ ਕੈਨੇਡਾ ਕਿਸੇ ਵੀ ਲੜਾਈ ਵਾਲੇ ਮਿਸ਼ਨ 'ਚ ਹਿੱਸਾ ਨਹੀਂ ਲਵੇਗਾ।

 

ਪਰ ਦੂਜੇ ਪਾਸੇ ਜਨਰਲ ਵੈਂਸ ਇਹ ਆਖ ਰਹੇ ਹਨ ਕਿ ਲਿਬਰਲਾਂ ਦੇ ਨਵੇਂ ਮਿਸ਼ਨ ਤਹਿਤ ਸਾਡੀ ਫੌਜ 'ਚ ਸ਼ਾਮਲ ਔਰਤਾਂ ਤੇ ਪੁਰਸ਼ਾਂ ਦੀਆਂ ਜ਼ਿੰਦਗੀਆਂ ਖ਼ਤਰੇ 'ਚ ਹਨ। ਵੀਕੈਂਡ 'ਤੇ ਰੱਖਿਆ ਮੰਤਰੀ ਵੀ ਆਖ ਚੁੱਕੇ ਹਨ ਕਿ ਇਸ ਤਰ੍ਹਾਂ ਦੇ ਮਿਸ਼ਨ 'ਚ ਕਾਫੀ ਖਤਰਾ ਹੁੰਦਾ ਹੈ।ਮਲਕੇਅਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਸਾਫ ਕਰਨ ਕਿ ਕੀ ਇਸ ਨੂੰ ਬਿਨਾਂ ਸੰਘਰਸ਼ ਵਾਲਾ ਮਿਸ਼ਨ ਕਿਵੇਂ ਆਖਿਆ ਜਾ ਸਕਦਾ ਹੈ, ਜਦੋਂ ਸਾਡੇ ਸੈਨਿਕਾਂ ਨੂੰ ਜ਼ਮੀਨੀ ਪੱਧਰ 'ਤੇ ਵਧੇਰੇ ਖਤਰਿਆਂ ਦਾ ਸਾਹਮਣਾ ਕਰਨਾ ਪਵੇਗਾ। ਟਰੂਡੋ ਨੇ ਆਖਿਆ ਕਿ ਕੈਨੇਡਾ ਨੇ ਹਮੇਸ਼ਾਂ ਦੁਨੀਆ 'ਤੇ ਹਾਂ ਪੱਖੀ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਅਜਿਹਾ ਕਰਦੇ ਰਹਾਂਗੇ।