ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਬੰਬ ਧਮਾਕਾ, 28 ਮਰੇ

Global News

ਅੰਕਾਰਾ— ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਇਕ ਕਾਰ ਬੰਬ ਧਮਾਕਾ ਹੋਇਆ। ਇਸ ਵਿਚ 28 ਲੋਕ ਮਾਰੇ ਗਏ ਹਨ ਅਤੇ 61 ਲੋਕ ਜ਼ਖਮੀ ਹੋ ਗਏ ਹਨ। ਤੁਰਕੀ ਸਰਕਾਰ ਦੇ ਬੁਲਾਰੇ ਅਤੇ ਉਪ ਪ੍ਰਧਾਨ ਮੰਤਰੀ ਨੁਮਾਨ ਕੁਰਤੁਲਮਸ ਨੇ ਕੱਲ ਇੱਥੇ ਹੋਏ ਧਮਾਕੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਦੱਸਦਿਆਂ ਕਿਹਾ ਕਿ ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਇਹ ਧਮਾਕਾ ਕਿਸ ਨੇ ਕੀਤਾ ਹੈ ਅਤੇ ਇਸ ਪਿੱਛੇ ਕੀ ਕਾਰਨ ਹੈ? ਉਨ੍ਹਾਂ ਨੇ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਇਹ ਹਮਲਾ ਪੂਰੀ ਯੋਜਨਾ ਨਾਲ ਕੀਤਾ ਗਿਆ ਹੈ। ਵਿਸਫੋਟਕਾਂ ਨਾਲ ਭਰੀ ਕਾਰ ਨੇ ਫੌਜੀਆਂ ਦੀ ਬੱਸ ਨੂੰ ਹੀ ਨਿਸ਼ਾਨਾ ਬਣਾਇਆ ਹੈ। ਇਹ ਥਾਂ ਤੁਰਕੀ ਫੌਜ ਦੇ ਦਫਤਰ, ਸੰਸਦ ਅਤੇ ਹੋਰ ਸਰਕਾਰੀ ਇਮਾਰਤਾਂ ਕੋਲ ਹੈ। ਤੁਰਕੀ ਦੇ ਪ੍ਰਧਾਨਮੰਤਰੀ ਨੇ ਆਪਣੀ ਬਰੁਸਲੇਸ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਹੈ।

 

ਤੁਰਕੀ ਦੇ ਸੱਤਾਧਾਰੀ ਏ. ਕੇ. ਪਾਰਟੀ ਦੇ ਬੁਲਾਰੇ ਓਮੇਰ ਸੇਲਿਕ ਨੇ ਟਵ੍ਹੀਟ ਕੀਤਾ ਹੈ ਕਿ ਤੁਰਕੀ ਫੌਜ ਦੇ ਦਫਤਰ, ਸੰਸਦ ਅਤੇ ਹੋਰ ਸਰਕਾਰੀ ਇਮਾਰਤਾਂ ਕੋਲ ਹੋਇਆ ਇਹ ਧਮਾਕਾ ਇਕ ਅੱਤਵਾਦੀ ਸਾਜਿਸ਼ ਹੈ। ਜਿਸ ਸਮੇਂ ਫੌਜੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਸਮੇਂ ਇਹ ਬੱਸ ਲਾਲ ਬੱਤੀ ਹੋਣ ਕਰਕੇ ਖੜ੍ਹੀ ਸੀ। ਇਹ ਹਮਲਾ ਖਾਸ ਉਸ ਸਮੇਂ ਕੀਤਾ ਗਿਆ ਜਦ ਸੜਕਾਂ 'ਤੇ ਬਹੁਤ ਭੀੜ ਹੁੰਦੀ ਹੈ। ਫੌਜ ਨੇ ਅਜੇ ਤਕ ਇਹ ਨਹੀਂ ਦੱਸਿਆ ਹੈ ਕਿ ਇਸ ਬੱਸ ਵਿਚ ਕਿੰਨੇ ਫੌਜੀ ਸਨ।