ਜੇ. ਐੱਨ. ਯੂ. ਵਿਵਾਦ ''ਤੇ ਭਾਜਪਾ ਦਾ ਰੁਖ ਹਮਲਾਵਰ ਹੋਵੇਗਾ

Global News

ਨਵੀਂ ਦਿੱਲੀ (ਭਾਸ਼ਾ)—ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਭਾਜਪਾ ਨੇ ਜੇ. ਐੱਨ. ਯੂ. ਘਟਨਾ ਚੱਕਰ 'ਤੇ ਪਾਰਟੀ ਦੇ ਰੁਖ ਨੂੰ ਮਜ਼ਬੂਤੀ ਨਾਲ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੱਤਾਧਾਰੀ  ਪਾਰਟੀ ਵਿਰੋਧੀ ਪਾਰਟੀ ਦੇ  ਹਮਲਿਆਂ ਦੇ ਜਵਾਬ 'ਚ ਪਾਕਿਸਤਾਨੀ ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਦੀ ਗਵਾਹੀ ਦੇ ਮੁੱਦੇ ਨੂੰ ਵੀ ਉਠਾਏਗੀ ਅਤੇ ਰਾਸ਼ਟਰਵਾਦ ਦੇ ਵਿਸ਼ੇ ਨੂੰ ਪੁਰਜ਼ੋਰ ਢੰਗ ਨਾਲ ਰੱਖੇਗੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਸੰਸਦ 'ਚ ਜੇ. ਐੱਨ. ਯੂ. ਵਿਵਾਦ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਫੈਸਲਾ ਕੀਤਾ ਗਿਆ, ਕਿਉਂਕਿ ਪਾਰਟੀ ਦਾ ਮੰਨਣਾ ਹੈ ਕਿ ਇਸ ਘਟਨਾਚੱਕਰ 'ਤੇ ਰੱਖਿਆਤਮਕ  ਹੋਣ ਦਾ ਕੋਈ ਕਾਰਨ ਨਹੀਂ ਹੈ ਅਤੇ ਇਸ ਵਿਸ਼ੇ 'ਤੇ ਉਸ ਨੂੰ ਲੋਕਾਂ ਦੀ ਹਮਾਇਤ ਹਾਸਿਲ ਹੈ।

 

ਪਾਰਟੀ ਕੱਲ ਤੋਂ ਤਿੰਨ ਦਿਨ ਦਾ 'ਜਨ ਸਵਾਭਿਮਾਨ ਅਭਿਆਨ' ਸ਼ੁਰੂ ਕਰ ਰਹੀ ਹੈ ਅਤੇ ਇਸ ਰਾਹੀਂ ਪਾਰਟੀ ਦੇ ਨੇਤਾ ਅਤੇ ਵਰਕਰ ਕੇਂਦਰੀ ਯੂਨੀਵਰਸਿਟੀ 'ਚ ਕਥਿਤ ਦੇਸ਼ ਧਰੋਹੀ ਸਰਗਰਮੀਆਂ ਅਤੇ ਇਸ 'ਚ ਸ਼ਾਮਿਲ ਲੋਕਾਂ ਖਿਲਾਫ ਕਾਰਵਾਈ ਬਾਰੇ ਜਨਤਾ ਦੀ ਰਾਏ ਬਣਾਉਣ ਦਾ ਯਤਨ ਕਰਨਗੇ। ਇਸ ਪਹਿਲ ਤਹਿਤ ਪਾਰਟੀ ਰਾਸ਼ਟਰਵਾਦ ਦੇ ਵਿਸ਼ੇ 'ਤੇ ਜ਼ੋਰ ਦੇਵੇਗੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਸਿਆਚਿਨ 'ਚ ਹਾਲ ਹੀ 'ਚ ਫੌਜੀਆਂ ਦੇ ਬਲੀਦਾਨ ਦੇ ਵਿਸ਼ੇ ਨੂੰ ਵੀ ਪੂਰੇ ਦੇਸ਼ 'ਚ ਉਠਾਇਆ ਜਾਵੇਗਾ।


ਸੂਤਰਾਂ ਨੇ ਦੱਸਿਆ ਕਿ ਜੇ. ਐੱਨ. ਯੂ. 'ਚ ਜੋ ਕੁਝ ਹੋ ਰਿਹਾ ਹੈ ਉਸ 'ਤੇ ਸਾਡਾ ਮਜ਼ਬੂਤ ਰੁਖ ਰਿਹਾ ਹੈ। ਇਸ਼ਰਤਜਹਾਂ ਮਾਮਲੇ 'ਚ ਹੈਡਲੀ ਦੀ ਗਵਾਹੀ ਨਾਲ ਭਾਜਪਾ ਨੂੰ ਕਾਂਗਰਸ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ ਜਿਸ 'ਚ ਉਸ ਨੇ ਕਿਹਾ ਸੀ ਕਿ ਉਹ ਲਸ਼ਕਰ-ਏ-ਤੋਇਬਾ ਅੱਤਵਾਦੀ ਸੀ।